ਅਮਰਿੰਦਰ ਰਾਹੁਲ ਗਾਂਧੀ ਨੂੰ ਮਿਲੇ, 2019 ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਮੁੜ ਗਠਨ ''ਤੇ ਚਰਚਾ
Wednesday, Feb 07, 2018 - 09:17 PM (IST)

ਜਲੰਧਰ/ਚੰਡੀਗੜ੍ਹ (ਧਵਨ, ਭੁੱਲਰ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਰਿਹਾਇਸ਼ ਵਿਖੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਮੁੜ ਗਠਨ ਦੇ ਮਾਮਲੇ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਕੀਤੀ। ਮੁੱਖ ਮੰਤਰੀ ਦੇ ਨਾਲ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਸਨ।
ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਵਿਚ ਵਾਧੇ ਨੂੰ ਲੈ ਕੇ ਜ਼ਿਆਦਾ ਚਰਚਾ ਨਹੀਂ ਹੋਈ, ਕਿਉਂਕਿ ਰਾਹੁਲ ਗਾਂਧੀ ਨਾਲ ਬੈਠਕ ਵਿਚ ਪਹਿਲਾਂ ਹੀ ਇਹ ਫੈਸਲਾ ਹੋ ਚੁੱਕਾ ਸੀ ਕਿ ਲੁਧਿਆਣਾ ਕਾਰਪੋਰੇਸ਼ਨ ਚੋਣਾਂ ਜਿੱਤਣ ਤੋਂ ਬਾਅਦ ਸਰਕਾਰ ਵਲੋਂ ਮੰਤਰੀ ਮੰਡਲ ਵਿਚ ਵਾਧਾ ਕੀਤਾ ਜਾਵੇਗਾ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਲੁਧਿਆਣਾ ਕਾਰਪੋਰੇਸ਼ਨ ਚੋਣਾਂ ਹੋਣ ਤੋਂ ਬਾਅਦ ਮੁੱਖ ਮੰਤਰੀ ਤੇ ਜਾਖੜ ਦੋਵੇਂ ਇਕ ਵਾਰ ਫਿਰ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ, ਜਿਸ ਵਿਚ ਉਨ੍ਹਾਂ ਨਾਵਾਂ ਬਾਰੇ ਚਰਚਾ ਹੋਵੇਗੀ, ਜਿਨ੍ਹਾਂ ਨੂੰ ਮੰਤਰੀ ਬਣਾਇਆ ਜਾਣਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਥੇ ਨਵੇਂ ਮੰਤਰੀਆਂ ਨੂੰ ਆਪਣੇ ਮੰਤਰੀ ਮੰਡਲ ਵਿਚ ਲੈਣਾ ਚਾਹੁੰਦੇ ਹਨ, ਉਥੇ ਹੀ ਉਹ ਕੁਝ ਮੰਤਰੀਆਂ ਦੇ ਵਿਭਾਗਾਂ ਵਿਚ ਫੇਰ-ਬਦਲ ਬਾਰੇ ਵੀ ਵਿਚਾਰ ਕਰ ਰਹੇ ਹਨ ਪਰ ਅੰਤਿਮ ਫੈਸਲਾ ਤਾਂ ਫਰਵਰੀ ਦੇ ਆਖਰੀ ਹਫਤੇ ਵਿਚ ਹੀ ਹੋਵੇਗਾ।
ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦਾ ਨਵਾਂ ਸੰਗਠਨਾਤਮਕ ਢਾਂਚਾ ਬਣਾਉਣ ਦੇ ਵਿਸ਼ੇ 'ਤੇ ਗੰਭੀਰਤਾ ਨਾਲ ਚਰਚਾ ਕੀਤੀ ਤੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਨਵੇਂ ਢਾਂਚੇ ਵਿਚ ਨਵੇਂ ਚਿਹਰਿਆਂ ਨੂੰ ਪਾਰਟੀ ਵਿਚ ਥਾਂ ਦੇਣੀ ਚਾਹੀਦੀ ਹੈ। ਇਸ ਵਿਚ ਨੌਜਵਾਨਾਂ ਤੇ ਪੁਰਾਣੇ ਕਾਂਗਰਸੀਆਂ ਦੋਵਾਂ ਦਰਮਿਆਨ ਸੰਤੁਲਨ ਰੱਖਿਆ ਜਾਣਾ ਚਾਹੀਦਾ ਹੈ। ਭਾਵੇਂ ਅਜੇ ਅੰਤਿਮ ਫੈਸਲਾ ਨਹੀਂ ਹੋਇਆ ਪਰ ਇਸ ਬਾਰੇ ਅੱਗੇ ਵੀ ਚਰਚਾ ਜਾਰੀ ਰਹੇਗੀ।
ਕੈਪਟਨ ਅਮਰਿੰਦਰ ਸਿੰਘ ਤੇ ਜਾਖੜ ਨੇ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਇਜਲਾਸ ਮੋਹਾਲੀ ਵਿਚ ਕਰਵਾਉਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਰਾਹੁਲ ਨੂੰ ਕਿਹਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਹੈ, ਇਸ ਲਈ ਉਹ ਚੰਗੇ ਢੰਗ ਨਾਲ ਪ੍ਰਬੰਧ ਕਰਨ ਵਿਚ ਸਮਰੱਥ ਹਨ। ਅਜੇ ਰਾਹੁਲ ਗਾਂਧੀ ਨੇ ਕਾਂਗਰਸ ਇਜਲਾਸ ਦੀ ਜਗ੍ਹਾ ਤੇ ਤਰੀਕ ਬਾਰੇ ਫੈਸਲਾ ਲੈਣਾ ਹੈ। ਦਿੱਲੀ ਵਿਚ ਵੀ ਇਜਲਾਸ ਕਰਵਾਉਣ ਦੀਆਂ ਸੰਭਾਵਨਾਵਾਂ 'ਤੇ ਕਾਂਗਰਸ ਹਾਈਕਮਾਨ ਵਿਚਾਰ ਕਰ ਰਹੀ ਹੈ। ਅਗਲੇ ਕੁਝ ਦਿਨਾਂ ਵਿਚ ਰਾਹੁਲ ਵਲੋਂ ਇਸ ਸੰਬਧ ਵਿਚ ਅੰਤਿਮ ਫੈਸਲਾ ਲਿਆ ਜਾਵੇਗਾ। ਸੂਬੇਦਾਰ ਬੀਰ ਸਿੰਘ ਚੌਹਾਨ ਦੀ ਅਗਵਾਈ ਵਿਚ 5 ਮੈਂਬਰੀ ਸੇਵਾਮੁਕਤ ਫੌਜੀਆਂ ਦੇ ਵਫਦ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਇਨ੍ਹਾਂ ਸੇਵਾਮੁਕਤ ਫੌਜੀਆਂ ਨੇ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਝਟਕਾ ਦਿੰਦਿਆਂ ਕਾਂਗਰਸ ਨੂੰ ਸਮਰਥਨ ਦਿੱਤਾ ਸੀ। ਉਹ ਪਟਿਆਲਾ ਤੋਂ ਆਏ ਸਨ। ਉਨ੍ਹਾਂ ਦੇ ਨਾਲ ਦਿੱਲੀ ਦੇ ਮੁਅੱਤਲ 'ਆਪ' ਵਿਧਾਇਕ ਮੇਜਰ ਦਵਿੰਦਰ ਸ਼ੇਖਾਵਤ ਵੀ ਸਨ। ਉਨ੍ਹਾਂ ਕਾਂਗਰਸ ਵਿਚ ਸ਼ਾਮਲ ਹੋਣ ਦੀ ਇੱਛਾ ਜਤਾਈ, ਜਿਸ ਦਾ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਸਵਾਗਤ ਕੀਤਾ।