ਦੇਸੀ ਗਊਆਂ ਨੂੰ ਸੰਭਾਲੋ ਅਤੇ ਅਮਰੀਕੀਆਂ ਨੂੰ ਬੁੱਚੜਖਾਨੇ ਭੇਜੇ ਸਰਕਾਰ : ਅਰੋੜਾ

09/18/2019 1:38:08 PM

ਚੰਡੀਗੜ੍ਹ (ਸ਼ਰਮਾ) : ਆਮ ਆਦਮੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਪੰਜਾਬ ਦੀਆਂ ਸੜਕਾਂ 'ਤੇ ਆਵਾਰਾ ਪਸ਼ੂਆਂ ਕਾਰਨ ਹੋ ਰਹੀਆਂ ਮੌਤਾਂ 'ਤੇ ਜਲਦ, ਪੁਖਤਾ ਅਤੇ ਸਖ਼ਤ ਕਦਮ ਚੁੱਕ ਕੇ ਆਪਣੇ ਮੈਨੀਫੈਸਟੋ 'ਚ ਕੀਤਾ ਵਾਅਦਾ ਪੂਰਾ ਕਰਨ ਲਈ ਕਿਹਾ। ਮੁੱਖ ਮੰਤਰੀ ਅਮਰਿੰਦਰ ਸਿੰਘ 'ਤੇ ਵਰ੍ਹਦਿਆਂ ਅਰੋੜਾ ਨੇ ਕਿਹਾ ਕਿ ਸਰਕਾਰ ਵਲੋਂ ਅਨੇਕਾਂ ਵਸਤੂਆਂ 'ਤੇ ਸੈਂਕੜੇ ਕਰੋੜ ਗਊ ਸੈੱਸ ਲੈਣ ਦੇ ਬਾਵਜੂਦ ਵੀ ਆਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਕਰਨ ਦੀ ਬਜਾਏ ਸਰਕਾਰ ਨੇ ਲੋਕਾਂ ਨੂੰ ਆਵਾਰਾ ਪਸ਼ੂਆਂ ਦੇ ਹੀ ਰਹਿਮੋ-ਕਰਮ 'ਤੇ ਛੱਡ ਦਿੱਤਾ ਹੈ। ਇਸ ਮੌਕੇ ਅਰੋੜਾ ਨੇ ਆਵਾਰਾ ਪਸ਼ੂਆਂ ਵਲੋਂ ਫੈਲਾਏ ਖੌਫ ਦੇ ਵੀਡੀਓਜ਼ ਜਾਰੀ ਕੀਤੇ।

ਅਰੋੜਾ ਨੇ ਦਸਤਾਵੇਜ਼ਾਂ ਦੇ ਆਧਾਰ 'ਤੇ ਦੇਸੀ ਗਊਆਂ ਅਤੇ ਅਮਰੀਕੀ ਐੱਚ. ਐੱਫ. ਨਸਲ ਨੂੰ ਵੱਖ-ਵੱਖ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਨਸਲਾਂ ਦਾ ਆਪਸ 'ਚ  ਦੂਰ-ਦੂਰ ਦਾ ਕੋਈ ਸਬੰਧ ਨਹੀਂ ਕਿਉਂਕਿ ਜਿਥੇ ਦੇਸੀ ਗਊ ਨੂੰ 'ਬੌਸ ਇੰਡੀਕਸ' ਕਿਹਾ ਜਾਂਦਾ ਹੈ, ਉਥੇ ਹੀ ਇਸ ਦੇ ਦੁੱਧ 'ਚ ਲਾਭਦਾਇਕ ਵਿਟਾਮਿਨ 12 ਪਾਇਆ ਜਾਂਦਾ ਹੈ ਅਤੇ ਇਹ ਪੂਜਣਯੋਗ ਹੈ ਜਦਕਿ ਅਮਰੀਕੀ ਨਸਲ ਨੂੰ 'ਬੌਸ ਟੌਰਸ' ਕਿਹਾ ਜਾਂਦਾ ਹੈ ਜਿਸ ਦੇ ਦੁੱਧ 'ਚ ਹਾਨੀਕਾਰਕ ਵਿਟਾਮਿਨ 11 ਪਾਇਆ ਜਾਂਦਾ ਹੈ ਅਤੇ ਇਹ ਨਸਲ ਯੂਰਪ 'ਚ ਮੀਟ ਵਾਸਤੇ ਹੀ ਤਿਆਰ ਕੀਤੀ ਗਈ ਸੀ। ਅਰੋੜਾ ਨੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ, ਸਾਰੇ ਰਾਜਸੀ ਦਲਾਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਅੱਖਾਂ ਉਪਰੋਂ ਧਰਮ ਅਤੇ ਅੰਧਵਿਸ਼ਵਾਸ ਦੀ ਪੱਟੀ ਉਤਾਰ ਕੇ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਦੇਸੀ ਨਸਲ ਦੀਆਂ ਗਊਆਂ ਅਤੇ ਬਲਦਾਂ ਨੂੰ ਸਾਂਭਣ ਅਤੇ ਅਮਰੀਕੀ ਨਸਲ ਦੀਆਂ ਗਊਆਂ ਨੂੰ ਬੁੱਚੜਖਾਨੇ ਭੇਜਣ ਦੀ ਜ਼ੋਰਦਾਰ ਸਿਫਾਰਿਸ਼ ਕੀਤੀ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ 'ਚ ਜਿਥੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ, ਉਥੇ ਹੀ ਕਿਸਾਨਾਂ ਦਾ ਵੀ ਹਰ ਸਾਲ ਕਰੋੜਾਂ ਰੁਪਏ ਦੀ ਫ਼ਸਲ ਦਾ ਉਜਾੜਾ ਹੁੰਦਾ ਹੈ। ਅਰੋੜਾ ਨੇ ਕਿਹਾ ਕਿ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਹਿਤ ਸਰਕਾਰ ਨੂੰ ਇਸ ਸਬੰਧੀ ਕਾਨੂੰਨੀ ਸੋਧ ਕਰਨੇ ਚਾਹੀਦੇ ਹਨ ਅਤੇ ਅਜਿਹਾ ਨਾ ਕਰਨ ਦੀ ਸੂਰਤ 'ਚ ਉਹ ਖੁਦ ਆਉਣ ਵਾਲੇ ਵਿਧਾਨ ਸਭਾ ਸੈਸ਼ਨ 'ਚ 'ਪ੍ਰਾਈਵੇਟ ਮੈਂਬਰ ਬਿੱਲ' ਲੈ ਕੇ ਆਉਣਗੇ।


Anuradha

Content Editor

Related News