ਕਰਤਾਰਪੁਰ ਲਾਂਘੇ ਦੇ ਕੰਮ ''ਚੋਂ ''ਗੁੰਡਾ ਟੈਕਸ'' ਵਸੂਲਣਾ ਅਤਿ ਸ਼ਰਮਨਾਕ : ਅਮਨ ਅਰੋੜਾ

Saturday, Aug 10, 2019 - 10:38 AM (IST)

ਕਰਤਾਰਪੁਰ ਲਾਂਘੇ ਦੇ ਕੰਮ ''ਚੋਂ ''ਗੁੰਡਾ ਟੈਕਸ'' ਵਸੂਲਣਾ ਅਤਿ ਸ਼ਰਮਨਾਕ : ਅਮਨ ਅਰੋੜਾ

ਚੰਡੀਗੜ੍ਹ (ਰਮਨਜੀਤ) : ਸਿਆਸੀ ਸ਼ਹਿ ਪ੍ਰਾਪਤ ਗੁੰਡਾ ਅਨਸਰਾਂ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ 4.5 ਕਿਲੋਮੀਟਰ ਲੰਬੇ ਕੋਰੀਡੋਰ ਨੂੰ ਬਣਾਉਣ ਲਈ ਵਰਤੋਂ ਵਿਚ ਆ ਰਹੇ ਰੇਤੇ ਅਤੇ ਬਜਰੀ 'ਤੇ ਗੁੰਡਾ ਟੈਕਸ ਲਾਉਣ ਦੀ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਉੱਤੇ ਰੇਤ ਮਾਫੀਆ ਨੂੰ ਸ਼ਹਿ ਦੇਣ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਦੀ ਬੇਲੋੜੀ ਦਖਲ-ਅੰਦਾਜ਼ੀ ਕਾਰਨ ਕੰਪਨੀ ਨੂੰ ਕੋਰੀਡੋਰ ਬਣਾਉਣ ਲਈ ਲੋੜੀਂਦਾ ਸਾਮਾਨ ਪ੍ਰਾਪਤ ਨਹੀਂ ਹੋ ਰਿਹਾ, ਜਿਸ ਕਾਰਨ ਇਸ ਕਾਰਜ ਵਿਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪਾਕਿਸਤਾਨ ਨੇ ਆਪਣਾ ਕਾਰਜ 90% ਮੁਕੰਮਲ ਕਰ ਲਿਆ ਹੈ ਪਰ ਦੂਜੇ ਪਾਸੇ ਕਾਂਗਰਸੀ ਅਤੇ ਅਕਾਲੀ ਆਗੂਆਂ ਦੀ ਪੈਸੇ ਦੀ ਭੁੱਖ ਨੇ ਇਸ ਕਾਰਜ ਵਿਚ ਵਿਘਨ ਪਾਇਆ ਹੈ, ਜਿਸ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਅਵਤਾਰ ਪੁਰਬ ਤੱਕ ਇਹ ਕਾਰਜ ਸੰਪੰਨ ਹੋਣਾ ਔਖਾ ਲੱਗ ਰਿਹਾ ਹੈ।
ਅਰੋੜਾ ਨੇ ਕਿਹਾ ਕਿ ਲੁਧਿਆਣਾ ਦੀ ਸੀਗਲ ਕੰਪਨੀ, ਜੋ ਇਸ ਕਾਰਜ ਨੂੰ ਨੇਪਰੇ ਚਾੜ੍ਹ ਰਹੀ ਹੈ, ਦੇ ਅਧਿਕਾਰੀਆਂ ਅਨੁਸਾਰ ਰੇਤਾ-ਬਜਰੀ ਦੀ ਘਾਟ ਕਾਰਨ ਉਹ ਆਪਣਾ ਕਾਰਜ ਨੇਪਰੇ ਚਾੜ੍ਹਨ ਵਿਚ ਅਸਮਰੱਥ ਹੋ ਰਹੇ ਹਨ। ਉਨ੍ਹਾਂ ਅਨੁਸਾਰ ਰਾਜਨੀਤਿਕ ਸ਼ਹਿ ਪ੍ਰਾਪਤ ਗੁੰਡਾ ਅਨਸਰ ਥਾਂ-ਥਾਂ 'ਤੇ 'ਗੁੰਡਾ ਟੈਕਸ' ਵਸੂਲ ਰਹੇ ਹਨ, ਜਿਸ ਕਾਰਨ ਉਹ ਆਪਣਾ ਕਾਰਜ ਪੂਰਾ ਨਹੀਂ ਕਰ ਪਾ ਰਹੇ।
ਕੈਪਟਨ ਅਮਰਿੰਦਰ ਸਿੰਘ ਕੋਲੋਂ ਇਸ ਕੇਸ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਦਿਆਂ ਅਰੋੜਾ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਨਿੱਜੀ ਤੌਰ 'ਤੇ ਇਸ ਮੁੱਦੇ ਉੱਤੇ ਧਿਆਨ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦਿੰਦੀ ਤਾਂ ਗੁੰਡਾ ਟੈਕਸ ਦਾ ਪ੍ਰਕੋਪ ਹੋਰ ਵਧੇਗਾ। ਉਨ੍ਹਾਂ ਮੰਗ ਕੀਤੀ ਕਿ ਇਸ ਕਾਰਜ ਵਿਚ ਸ਼ਾਮਲ ਰਾਜਨੀਤਿਕ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।


author

Babita

Content Editor

Related News