ਖੁਰਾਕ ਤੇ ਸਿਵਲ ਸਪਲਾਈ ਮਹਿਕਮੇ ਦੇ ਸਮੂਹ ਮੁਲਾਜ਼ਮ ਸਮੂਹਿਕ ਛੁੱਟੀ 'ਤੇ ਗਏ, ਜਾਣੋ ਵਜ੍ਹਾ

Thursday, Aug 18, 2022 - 02:38 PM (IST)

ਖੁਰਾਕ ਤੇ ਸਿਵਲ ਸਪਲਾਈ ਮਹਿਕਮੇ ਦੇ ਸਮੂਹ ਮੁਲਾਜ਼ਮ ਸਮੂਹਿਕ ਛੁੱਟੀ 'ਤੇ ਗਏ, ਜਾਣੋ ਵਜ੍ਹਾ

ਚੰਡੀਗੜ੍ਹ/ਭੋਗਪੁਰ (ਰਮਨਜੀਤ, ਸੂਰੀ)- ਪੰਜਾਬ ਦੀ ਪਿਛਲੀ ਰਾਜ ਸਰਕਾਰ ਦੇ ਰਾਜਕਾਲ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਅਨਾਜ ਢੁਆਈ ਲਈ ਗਲਤ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਦੇ ਕੇ ਘਪਲੇਬਾਜ਼ੀ ਕਰਨ ਦੇ ਦੋਸ਼ ਵਿਚ ਦਰਜ ਕੀਤੀ ਗਈ ਐੱਫ਼. ਆਈ. ਆਰ. ਖ਼ਿਲਾਫ਼ ਖੁਰਾਕ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਵਿਭਾਗ ਦੇ ਅਧਿਕਾਰੀ ਵਿਰੋਧ ਵਿਚ ਖੜ੍ਹੇ ਹੋ ਗਏ ਹਨ। ਅਧਿਕਾਰੀਆਂ ਵੱਲੋਂ ਐੱਫ਼. ਆਈ. ਆਰ. ਰੱਦ ਹੋਣ ਤੱਕ ਸਮੂਹਿਕ ਛੁੱਟੀ ’ਤੇ ਜਾਣ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਸਬੰਧੀ ਵਿਭਾਗ ਦੇ ਸਕੱਤਰ ਨੂੰ ਪੱਤਰ ਭੇਜ ਕੇ ਸੂਚਿਤ ਵੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ: ਵਿਧਾਇਕ ਸ਼ੀਤਲ ਅੰਗੁਰਾਲ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੇ ਨੇ ਦਿੱਤੀ ਧਮਕੀ 

ਮਹਿਕਮੇ ਦੀ ਡਿਪਟੀ ਡਾਇਰੈਕਟਰ ਯੂਨੀਅਨ ਡੀ. ਐੱਫ਼. ਐੱਸ. ਸੀ. ਯੂਨੀਅਨ ਡੀ. ਐੱਫ਼. ਐੱਸ. ਓ. ਏ. ਐੱਫ਼. ਐੱਸ. ਓ. ਯੂਨੀਅਨ ਅਤੇ ਇੰਸਪੈਕਟਰ ਯੂਨੀਅਨ ਪੰਜਾਬ ਵੱਲੋਂ ਸਮੂਹਿਕ ਛੁੱਟੀ 'ਤੇ ਜਾਣ ਸਬੰਧੀ ਡਾਇਰੈਕਟਰ ਖੁਰਾਕ ਅਤੇ ਸਿਵਲ ਸਪਲਾਈ ਨੂੰ ਪੱਤਰ ਭੇਜ ਦਿੱਤੇ ਗਏ ਹਨ। ਇਹ ਪੱਤਰ ਸਕੱਤਰ ਖੁਰਾਕ ਅਤੇ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮਹਿਕਮਾ ਪੰਜਾਬ ਨੂੰ ਲਿਖਿਆ ਗਿਆ ਹੈ। 

ਜਾਣਕਾਰੀ ਮੁਤਾਬਕ ਰਾਜ ਦੇ ਖੁਰਾਕ ਅਤੇ ਸਪਲਾਈ ਵਿਭਾਗ ਵਿਚ ਤਾਇਨਾਤ ਡਿਪਟੀ ਡਾਇਰੈਕਟਰਾਂ ਅਤੇ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਅਧਿਕਾਰੀਆਂ ਵੱਲੋਂ ਹਸਤਾਖ਼ਰ ਕਰਕੇ ਮਹਿਕਮੇ ਦੇ ਸਕੱਤਰ ਨੂੰ ਭੇਜੇ ਪੱਤਰ ਵਿਚ ਕਿਹਾ ਗਿਆ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਗਲਤ ਤੱਥਾਂ ਦੇ ਆਧਾਰ ’ਤੇ 16 ਅਗਸਤ ਨੂੰ ਐੱਫ਼. ਆਈ. ਆਰ. ਨੰਬਰ 11 ਦਰਜ ਕੀਤੀ ਗਈ ਹੈ, ਜਿਸ ਵਿਚ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਬੇਬੁਨਿਆਦ ਅਤੇ ਮਨਘੜ੍ਹਤ ਦੋਸ਼ ਲਗਾਏ ਗਏ ਹਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ 9 ਸਾਲਾ ਧੀ ਨੂੰ ਰੂਹ ਕੰਬਾਊ ਮੌਤ ਦੇਣ ਮਗਰੋਂ ਫਾਹੇ ਲਾਇਆ ਪੁੱਤ, ਫਿਰ ਮਾਂ ਨੇ ਕੀਤੀ ਖ਼ੁਦਕੁਸ਼ੀ   
ਉਸ ਦੇ ਵਿਰੋਧ ਵਿੱਚ ਨਾਮਜ਼ਦ ਅਧਿਕਾਰੀਆਂ ਕਰਮਚਾਰੀਆਂ ਦੇ ਸਮਰਥਨ ਵਿੱਚ ਸਮੂਹ ਡਿਪਟੀ ਡਾਇਰੈਕਟਰ ਡੀ. ਐੱਫ਼. ਐੱਸ. ਸੀ. ਪੰਜਾਬ ਰਾਜ ਨੇ ਛੁੱਟੀ 'ਤੇ ਜਾਣ ਦਾ ਫ਼ੈਸਲਾ ਕੀਤਾ ਹੈ ਜਦੋਂ ਤੱਕ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਇਸ ਐੱਫ਼. ਆਈ. ਆਰ. ਨੂੰ ਰੱਦ ਨਹੀਂ ਕੀਤਾ ਜਾਂਦਾ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਮੰਡੀਆਂ ਦੀ ਟੈਂਡਰਾਂ ਦੀਆਂ ਝੂਠੀਆਂ ਸ਼ਿਕਾਇਤਾਂ ਦੀਆਂ ਚੱਲ ਰਹੀਆਂ ਇਨਕੁਆਰੀਆਂ ਨੂੰ ਬੰਦ ਨਹੀਂ ਕੀਤਾ ਜਾਂਦਾ ਉਦੋਂ ਤਕ ਪੰਜਾਬ ਦੇ ਸਮੂਹ ਡਿਪਟੀ ਡਾਇਰੈਕਟਰ ਡੀ. ਐੱਫ਼. ਐੱਸ. ਸੀ. ਪੰਜਾਬ ਰਾਜ ਵਿਚ ਸਮੂਹਿਕ ਤੌਰ 'ਤੇ ਛੁੱਟੀ 'ਤੇ ਰਹਿਣਗੇ। 
ਇਸ ਐੱਫ਼. ਆਈ. ਆਰ. ਵਿਚ ਵਿਭਾਗ ਦੇ ਕਈ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ, ਜਿਸ ਦੇ ਵਿਰੋਧ ਵਿਚ ਸੂਬਾ ਭਰ ਦੇ ਖੁਰਾਕ ਅਤੇ ਸਪਲਾਈ ਮਹਿਕਮੇ ਦੇ ਜ਼ਿਲ੍ਹਿਆਂ ਵਿਚ ਤਾਇਨਾਤ ਅਧਿਕਾਰੀ ਅਤੇ ਮੁਲਾਜ਼ਮ ਸਮੂਹਿਕ ਛੁੱਟੀ ’ਤੇ ਰਹਿਣਗੇ। ਇਹ ਸਮੂਹਿਕ ਛੁੱਟੀ ਉਦੋਂ ਤੱਕ ਜਾਰੀ ਰਹੇਗੀ, ਜਦ ਤੱਕ ਵਿਜੀਲੈਂਸ ਬਿਊਰੋ ਵਲੋਂ ਦਰਜ ਕੀਤੀ ਗਈ ਉਕਤ ਐੱਫ਼. ਆਈ. ਆਰ. ਰੱਦ ਨਹੀਂ ਕੀਤੀ ਜਾਂਦੀ।

ਇਥੇ ਦੱਸਣਯੋਗ ਹੈ ਕਿ ਪਹਿਲਾਂ ਤੋਂ ਹੀ ਵੱਖ-ਵੱਖ ਵਿਭਾਗਾਂ ਦੀਆਂ ਹੜਤਾਲਾਂ ਨਾਲ ਜੂਝ ਰਹੀ ਪੰਜਾਬ ਸਰਕਾਰ ਅੱਗੇ ਇਕ ਨਵੀਂ ਅਤੇ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਭਰ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਪ੍ਰਤੀ ਮੈਂਬਰ 30 ਕਿਲੋ ਕਣਕ ਦੀ ਵੰਡ ਚੱਲ ਰਹੀ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਨੀਲੇ ਕਾਰਡ ਧਾਰਕਾਂ ਨੂੰ ਦਿੱਤੀ ਜਾਣ ਵਾਲੀ ਕਣਕ ਦੀ ਵੰਡ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਸੀ ਪਰ ਹੁਣ ਵਿਭਾਗ ਦੇ ਸਮੂਹ ਅਫ਼ਸਰਾਂ ਅਤੇ ਕਰਮਚਾਰੀਆਂ ਵੱਲੋਂ ਸਮੂਹਿਕ ਛੁੱਟੀ 'ਤੇ ਚਲੇ ਜਾਣ ਕਾਰਨ ਕਣਕ ਵੰਡਣ ਦਾ ਕੰਮ ਵੀ ਪੂਰੀ ਤਰ੍ਹਾਂ ਠੱਪ ਹੋ ਜਾਣ ਦਾ ਖ਼ਦਸ਼ਾ ਹੈ।

ਇਹ ਵੀ ਪੜ੍ਹੋ: ਆਦਮਪੁਰ 'ਚ ਵੱਡੀ ਵਾਰਦਾਤ, 8 ਮਹੀਨੇ ਦੀ ਬੱਚੀ ਦਾ ਗਲਾ ਘੁੱਟ ਕੇ ਕੀਤਾ ਕਤਲ, ਝਾੜੀਆਂ 'ਚ ਸੁੱਟੀ ਲਾਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News