ਪੰਜਾਬ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਅੱਜ ਮੁੜ ਹੜਤਾਲ ’ਤੇ
Thursday, Jan 16, 2025 - 04:37 AM (IST)
ਖੰਨਾ ( ਸ਼ਾਹੀ, ਕਮਲ, ਬਿਪਿਨ) - ਪਿਛਲੇ ਮਹੀਨੇ ਹੋਈਆਂ ਅਮਲੋਹ ਨਗਰ ਕੌਂਸਲ ਚੋਣਾਂ ਵਿਚ ਖੰਨਾ ਅਤੇ ਅਮਲੋਹ ਬਾਰ ਐਸੋਸੀਏਸ਼ਨਜ਼ ਦੇ ਮੈਂਬਰ ਐਡਵੋਕੇਟ ਹਸਨ ਸਿੰਘ ’ਤੇ ਜਾਨਲੇਵਾ ਹਮਲਾ ਕਰਨ ’ਤੇ ਸ੍ਰੀ ਫਤਹਿਗੜ੍ਹ ਸਾਹਿਬ ਪੁਲਸ ਵਲੋਂ ਕੋਈ ਕਾਰਵਾਈ ਨਾ ਕਰਨ ਕਾਰਨ ਇਕ ਵਾਰ ਫਿਰ ਪੰਜਾਬ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਨੇ 16 ਜਨਵਰੀ ਨੂੰ ਕੰਮ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇਜਪ੍ਰੀਤ ਸਿੰਘ ਅਟਵਾਲ, ਉਪ ਪ੍ਰਧਾਨ ਨਵੀਨ ਸ਼ਰਮਾ ਅਤੇ ਸਕੱਤਰ ਕਮਲ ਸ਼ਰਮਾ ਨੇ ਦੱਸਿਆ ਕਿ ਖੰਨਾ ਅਤੇ ਅਮਲੋਹ ਬਾਰ ਐਸੋਸੀਏਸ਼ਨ ਦੇ ਮੈਂਬਰ ਹਸਨ ਸਿੰਘ ’ਤੇ ਹੋਏ ਹਮਲੇ ਕਾਰਨ ਜਦੋਂ ਪੂਰੇ ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ ਨੇ ਹੜਤਾਲ ਦਾ ਐਲਾਨ ਕੀਤਾ ਸੀ ਤਾਂ ਸ੍ਰੀ ਫਤਹਿਗੜ੍ਹ ਸਾਹਿਬ ਦੀ ਐੱਸ. ਐੱਸ. ਪੀ . ਰਵਜੋਤ ਗਰੇਵਾਲ ਨੂੰ ਖੰਨਾ, ਅਮਲੋਹ, ਸਮਾਰਾਲਾ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਦੀਆਂ ਬਾਰ ਐਸੋਸੀਏਸ਼ਨਾਂ ਦੇ ਪ੍ਰਤੀਨਿਧੀ 9 ਜਨਵਰੀ ਨੂੰ ਮਿਲੇ ਸਨ।
ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਦੋ ਦਿਨ ਦੇ ਅੰਦਰ ਹਮਲਾਵਰਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਪਰ 7 ਦਿਨ ਬਾਅਦ ਵੀ ਪੁਲਸ ਇਕ ਸਿਆਸੀ ਨੇਤਾ ਦੇ ਕਰੀਬੀ ਨੂੰ ਬਚਾਉਣ ਵਿਚ ਲੱਗੀ ਹੋਈ ਹੈ । ਹਾਲ ਇਹ ਹੈ ਕਿ ਜੋ ਵਕੀਲ ਅਦਾਲਤਾਂ ਵਿਚ ਲੋਕਾਂ ਨੂੰ ਇਨਸਾਫ ਦਿਵਾਉਂਦੇ ਹਨ ਅੱਜ ਆਪਣੇ ਮੈਂਬਰ ਨੂੰ ਇਨਸਾਫ ਦਵਾਉਣ ਲਈ ਹੜਤਾਲਾਂ ਕਰ ਰਹੇ ਹਨ ।
ਅਟਵਾਲ ਤੇ ਨਵੀਨ ਨੇ ਦੱਸਿਆ ਕਿ ਜੇਕਰ ਪੁਲਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਪੂਰੇ ਪੰਜਾਬ ਦੇ ਵਕੀਲ ਸੜਕਾਂ ’ਤੇ ਉੱਤਰ ਆਉਣਗੇ ਅਤੇ ਜੇਕਰ ਵਕੀਲਾਂ ਨੇ ਪੂਰੇ ਪੰਜਾਬ ਵਿਚ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਤਾਂ ਲੋਕ ਅਦਾਲਤਾਂ ਵਿਚ ਨਿਆਂ ਲੈਣ ਲਈ ਪ੍ਰੇਸ਼ਾਨ ਹੋਣਗੇ । ਇਸ ਲਈ ਸ੍ਰੀ ਫਤਹਿਗੜ੍ਹ ਸਾਹਿਬ ਪੁਲਸ ਨੂੰ ਇਕ ਵਕੀਲ ਨੂੰ ਨਿਆਂ ਦਿਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।