ਜਾਣੋ ਸੁਖਬੀਰ ਨੇ ਸਪੀਕਰ ਕੇ. ਪੀ. ਰਾਣਾ ਨੂੰ ਕਿਉਂ ਕਿਹਾ 'ਗੁੰਡਾ'? (ਵੀਡੀਓ)

06/22/2017 7:21:33 PM

ਚੰਡੀਗੜ੍ਹ— ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅੱਜ 7ਵੇਂ ਦਿਨ ਵੀ ਭਾਰੀ ਹੰਗਾਮਾ ਹੋਇਆ। 'ਆਪ' ਵਿਧਾਇਕ ਦੀ ਉਤਰੀ ਪਗੜੀ ਨੂੰ ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਸਦਨ 'ਚ ਲਹਿਰਾ ਦਿੱਤੀ, ਜਿਸ ਤੋਂ ਬਾਅਦ ਸੁਖਬੀਰ ਬਾਦਲ ਸਮੇਤ ਵਿਰੋਧ ਕਰ ਰਹੇ ਸਾਰੇ ਅਕਾਲੀ ਵਿਧਾਇਕਾਂ ਨੂੰ ਸਪੀਕਰ ਕੇ. ਪੀ. ਰਾਣਾ ਨੇ ਸਦਨ ਤੋਂ ਮੁਅੱਤਲ ਕਰ ਦਿੱਤਾ। ਇਸ ਦੌਰਾਨ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫਰੰਸ ਕਰਕੇ ਕੇ. ਪੀ. ਰਾਣਾ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸਪੀਕਰ ਰਾਣਾ ਕੇ. ਪੀ. ਇਕ ਗੁੰਡਾ ਹੈ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਐੱਮ. ਐੱਲ. ਏ. ਨੂੰ ਆਪਣਾ ਵਿਰੋਧ ਜਤਾਉਣ ਦਾ ਅਧਿਕਾਰ ਹੈ। ਅਜਿਹੇ 'ਚ ਇਸ ਤਰ੍ਹਾਂ ਦਾ ਸਲੂਕ ਸਹੀ ਨਹੀਂ ਹੈ। ਸਪੀਕਰ ਡਿਕਟੇਟਰ ਦੀ ਤਰ੍ਹਾਂ ਵਿਵਹਾਰ ਕਰ ਰਹੇ ਹਨ। ਸੁਖਬੀਰ ਨੇ ਇਹ ਵੀ ਕਿਹਾ ਕਿ ਇਹ ਕਿੱਥੋਂ ਦੀ ਸੱਭਿਅਤਾ ਹੈ ਕਿ ਸਿੱਖ ਦੀ ਪਗੜੀ ਉਛਾਲੀ ਜਾਵੇ ਅਤੇ ਮਹਿਲਾ ਮੈਂਬਰਾਂ ਦੀਆਂ ਚੁੰਨੀਆਂ ਖਿੱਚੀਆਂ ਜਾਣ। 
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 'ਆਪ' ਨੇਤਾ ਸੁਖਪਾਲ ਖਹਿਰਾ ਵੱਲੋਂ ਸਦਨ ਦੀ ਵੀਡੀਓ ਬਣਾਉਣ ਅਤੇ ਸਿਮਰਨਜੀਤ ਸਿੰਘ ਬੈਂਸ ਵੱਲੋਂ ਬਹਿਸ ਦੌਰਾਨ ਸਪੀਕਰ 'ਤੇ ਪੇਪਰ ਸੁੱਟਣ 'ਤੇ ਸਪੀਕਰ ਨੇ ਦੋਹਾਂ ਨੂੰ ਵਿਧਾਨ ਸਭਾ ਦੇ ਅੰਦਰ ਆਉਣ ਦੀ ਮਨਾਹੀ ਕੀਤੀ ਸੀ। ਉਨ੍ਹਾਂ ਨੇ ਮਾਰਸ਼ਲ ਨੂੰ ਆਦੇਸ਼ ਦਿੱਤੇ ਕਿ ਦੋਹਾਂ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ। ਰਾਣਾ ਦੀ ਇਸ ਗੱਲ ਦਾ ਇਤਰਾਜ਼ ਜਤਾਉਂਦੇ ਹੋਏ ਦੋਵੇਂ ਨੇਤਾ ਵਿਧਾਨ ਸਭਾ ਦੀ ਬਿਲਡਿੰਗ ਦੇ ਬਾਹਰ ਧਰਨੇ 'ਤੇ ਬੈਠ ਗਏ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਜ਼ਬਰਦਸਤੀ ਸਦਨ 'ਚ ਦਾਖਲ ਹੋਣਾ ਚਾਹਿਆ ਤਾਂ ਉਥੇ ਹੰਗਾਮਾ ਹੋ ਗਿਆ। ਇਸ ਹੰਗਾਮੇ ਦੌਰਾਨ ਹੱਥੋਂਪਾਈ ਕਰਦੇ ਹੋਏ 'ਆਪ' ਦੇ ਵਿਧਾਇਕ ਦੀ ਪਗੜੀ ਉਤਰ ਗਈ ਅਤੇ ਕਈ ਵਿਧਾਇਕ ਜ਼ਖਮੀ ਹੋਏ। ਇਸ ਦੇ ਨਾਲ ਹੀ ਇਕ ਮਹਿਲਾ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਬੇਹੋਸ਼ ਜ਼ਖਮੀ ਹੋ ਗਈ। ਸਾਥੀ ਵਿਧਾਇਕਾਂ ਵੱਲੋਂ ਤੁਰੰਤ ਜ਼ਖਮੀਆਂ ਨੂੰ ਸੈਕਟਰ-16 ਦੇ ਹਸਪਤਾਲ 'ਚ ਪਹੁੰਚਾਇਆ ਗਿਆ।


Related News