''ਆਪ'' ਦੀ ਬੁਨਿਆਦ ਹੀ ਝੂਠ ''ਤੇ ਟਿਕੀ : ਅਕਾਲੀ ਆਗੂ
Saturday, Mar 17, 2018 - 10:33 AM (IST)
ਪਟਿਆਲਾ (ਬਲਜਿੰਦਰ, ਪਰਮੀਤ, ਰਾਣਾ)-ਅਕਾਲੀ ਦਲ ਪਟਿਆਲਾ ਦਿਹਾਤੀ ਅਤੇ ਸ਼ਹਿਰੀ ਦੀ ਇਕ ਮੀਟਿੰਗ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਅਤੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹਲਕਾ ਘਨੌਰ ਦੀ ਇੰਚਾਰਜ ਤੇ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਵਿਚ ਸਾਰੇ ਹਲਕਾ ਇੰਚਾਰਜਾਂ ਤੋਂ ਇਲਾਵਾ ਪ੍ਰਮੁੱਖ ਆਗੂ ਵੀ ਸ਼ਾਮਲ ਹੋਏ।
ਇਸ ਮੌਕੇ ਗੱਲਬਾਤ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਬਿਕਰਮ ਸਿੰਘ ਮਜੀਠੀਆ ਵਰਗੀ ਸ਼ਖਸੀਅਤ 'ਤੇ ਡਰੱਗ ਸਮੱਗਲਿੰਗ ਵਿਚ ਸ਼ਾਮਲ ਹੋਣ ਦੇ ਦੋਸ਼ ਲਾਉਣਾ ਪੰਜਾਬੀ ਦੀ ਕਹਾਵਤ 'ਚੰਨ 'ਤੇ ਥੁੱਕਿਆ ਮੂੰਹ 'ਤੇ ਹੀ ਪੈਂਦਾ' ਵਾਂਗੂ ਸਾਬਤ ਹੋਈ। ਉਨ੍ਹਾਂ ਕਿਹਾ ਕਿ 'ਆਪ' ਦੀ ਬੁਨਿਆਦ ਹੀ ਝੂਠ 'ਤੇ ਟਿਕੀ ਹੋਈ ਹੈ। ਕਾਂਗਰਸ ਨੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। 'ਆਪ' ਦਾ ਸੱਚ ਤਾਂ ਸਾਰਿਆਂ ਦੇ ਸਾਹਮਣੇ ਆ ਗਿਆ ਅਤੇ ਕਾਂਗਰਸੀਆਂ ਬਾਰੇ ਤਾਂ ਪੰਜਾਬੀਆਂ ਨੂੰ ਪਹਿਲਾਂ ਹੀ ਸਭ ਕੁਝ ਪਤਾ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਮਜੀਠੀਆ ਇਕ ਬੇਦਾਗ ਸ਼ਖਸੀਅਤ ਹਨ, ਜਿਨ੍ਹਾਂ 'ਤੇ ਝੂਠੇ ਦੋਸ਼ ਲਾ ਕੇ ਉਨ੍ਹਾਂ ਦਾ ਭਵਿੱਖ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਸ਼ਖਸੀਅਤ ਨੂੰ ਦੇਖਦੇ ਹੋਏ ਹੀ ਅਰਵਿੰਦ ਕੇਜਰੀਵਾਲ ਦੀ ਜ਼ਮੀਰ ਜਾਗੀ ਅਤੇ ਉਨ੍ਹਾਂ ਨੇ ਸ੍ਰੀ ਮਜੀਠੀਆ ਤੋਂ ਮੁਆਫੀ ਮੰਗੀ।
ਇਸ ਮੌਕੇ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਅਜਾਇਬ ਸਿੰਘ ਮੁਖਮੈਲਪੁਰ, ਭਾਜਪਾ ਆਗੂ ਹਰਜੀਤ ਗਰੇਵਾਲ, ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਅਤੇ ਜੈ ਸਿੰਘ ਮਰਦਾਂਪੁਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
