ਪੰਜਾਬ ਦੀ ਸਿਆਸਤ ''ਚ ਹਲਚਲ ਤੇਜ਼! ਇਸ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਸਮਰਥਨ

Monday, May 11, 2026 - 04:59 PM (IST)

ਪੰਜਾਬ ਦੀ ਸਿਆਸਤ ''ਚ ਹਲਚਲ ਤੇਜ਼! ਇਸ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਸਮਰਥਨ

ਚੰਡੀਗੜ੍ਹ: ਰਾਸ਼ਟਰੀ ਕ੍ਰਾਂਤੀ ਪਾਰਟੀ (ਅੰਬੇਡਕਰ) ਨੇ ਆਉਣ ਵਾਲੀਆਂ ਨਗਰ ਨਿਗਮ ਅਤੇ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਅੱਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼ਿੰਗਾਰਾ ਸਿੰਘ ਕਲਿਆਣ ਨੇ ਆਪਣੀ ਕੋਰ ਕਮੇਟੀ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਇਸ ਸਿਆਸੀ ਤਾਲਮੇਲ ਨੂੰ ਨੇਪਰੇ ਚਾੜ੍ਹਨ ਵਿਚ ਹਲਕਾ ਇੰਚਾਰਜ ਹੁਸ਼ਿਆਰਪੁਰ ਸੰਜੀਵ ਤਲਵਾੜ ਨੇ ਅਹਿਮ ਭੂਮਿਕਾ ਨਿਭਾਈ।

ਇਸ ਮੌਕੇ ਸ਼ਿੰਗਾਰਾ ਸਿੰਘ ਕਲਿਆਣ ਨੇ ਕਿਹਾ ਕਿ ਸਵ. ਪ੍ਰਕਾਸ਼ ਸਿੰਘ ਬਾਦਲ, ਪੰਜਾਬ ਨੇ ਅਨੁਸੂਚਿਤ ਜਾਤੀਆਂ, ਖ਼ਾਸ ਕਰਕੇ ਵਾਲਮੀਕ ਸਮਾਜ ਦੀ ਭਲਾਈ ਲਈ ਜੋ ਇਤਿਹਾਸਕ ਕਾਰਜ ਕੀਤੇ ਹਨ, ਉਨ੍ਹਾਂ ਦਾ ਦੇਣ ਵਾਲਮੀਕ ਸਮਾਜ ਕਦੇ ਨਹੀਂ ਮੋੜ ਸਕਦਾ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦੇ ਕੇ ਬਾਦਲ ਸਾਹਿਬ ਦੀਆਂ ਸੇਵਾਵਾਂ ਨੂੰ ਸਿਆਸੀ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਅੱਗੇ ਮੰਗ ਰੱਖੀ ਕਿ ਆਉਣ ਵਾਲੀ ਅਕਾਲੀ ਸਰਕਾਰ ਦੌਰਾਨ ਸਾਡੇ ਸਮਾਜ ਦੇ ਸਮਾਜਿਕ ਅਤੇ ਰਾਜਨੀਤਿਕ ਉਥਾਨ ਲਈ ਵਿਸ਼ੇਸ਼ ਯਤਨ ਕੀਤੇ ਜਾਣ ਤਾਂ ਜੋ ਇਹ ਪਛੜਿਆ ਸਮਾਜ ਵੀ ਮਾਣਮੱਤਾ ਸਥਾਨ ਪ੍ਰਾਪਤ ਕਰ ਸਕੇ।

ਸੁਖਬੀਰ ਸਿੰਘ ਬਾਦਲ ਨੇ ਇਸ ਸਮਰਥਨ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਾਰੇ ਧਰਮਾਂ ਅਤੇ ਵਰਗਾਂ ਦਾ ਸਤਿਕਾਰ ਕਰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅੰਮ੍ਰਿਤਸਰ ਸਥਿਤ ਭਗਵਾਨ ਵਾਲਮੀਕ ਤੀਰਥ ਅਸਥਾਨ (ਆਸ਼ਰਮ) ਨੂੰ 10 ਸਾਲ ਪੂਰੇ ਹੋਣ ਜਾ ਰਹੇ ਹਨ, ਅਜਿਹੇ ਸਮੇਂ ਰਾਸ਼ਟਰੀ ਕ੍ਰਾਂਤੀ ਪਾਰਟੀ ਵੱਲੋਂ ਮਿਲਿਆ ਇਹ ਸਹਿਯੋਗ ਪਾਰਟੀ ਨੂੰ ਸਮਾਜ ਦੀ ਸੇਵਾ ਦਾ ਹੋਰ ਬਲ ਬਖਸ਼ੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਅਕਾਲੀ ਦਲ ਹਮੇਸ਼ਾ ਇਸ ਸਮਾਜ ਦੀ ਸੇਵਾ ਲਈ ਤਤਪਰ ਰਹੇਗਾ।

ਇਸ ਮੌਕੇ ਸਾਬਕਾ ਵਿਧਾਇਕ ਐੱਨ.ਕੇ. ਸ਼ਰਮਾ ,ਰਾਜਿੰਦਰ ਅਟਵਾਲ (ਰਾਸ਼ਟਰੀ ਵਾਈਸ ਪ੍ਰਧਾਨ), ਦੀਪਕ ਘਈ (ਰਾਸ਼ਟਰੀ ਜਨਰਲ ਸਕੱਤਰ), ਵਿਕਾਸ ਹੰਸ (ਪੰਜਾਬ ਪ੍ਰਧਾਨ) ਅਤੇ ਰਾਸ਼ਟਰੀ ਕ੍ਰਾਂਤੀ ਪਾਰਟੀ (ਅ) ਦੀ ਕੋਰ ਕਮੇਟੀ ਦੇ ਮੈਂਬਰਾਂ ਸਮੇਤ ਦੋਆਬਾ, ਮਾਝਾ ਅਤੇ ਮਾਲਵਾ ਜ਼ੋਨਾਂ ਦੇ ਅਨੇਕਾਂ ਪ੍ਰਮੁੱਖ ਆਗੂ ਅਤੇ ਵਰਕਰ ਵੀ ਸ਼ਾਮਲ ਹੋਏ।
 


author

Anmol Tagra

Content Editor

Related News