ਅੰਮ੍ਰਿਤਸਰ ਏਅਰਪੋਰਟ ''ਤੇ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ
Wednesday, Mar 11, 2020 - 06:49 PM (IST)
ਅੰਮ੍ਰਿਤਸਰ (ਦਲਜੀਤ) : ਅੰਮ੍ਰਿਤਸਰ ਦੇ ਅੰਤਰਾਰਾਸ਼ਟਰੀ ਰਾਜਾਸਾਂਸੀ ਹਵਾਈ 'ਤੇ ਕੋਰੋਨਾ ਵਾਇਰਸ ਦੇ ਲੱਛਣ ਦੇ ਚੱਲਦੇ ਦੁਬਈ ਤੋਂ ਆਏ ਇਕ ਵਿਅਕਤੀ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ। ਦਰਅਸਲ ਡੇਰਾ ਬਾਬਾ ਨਾਨਕ ਦਾ ਇਕ 40 ਸਾਲਾ ਵਿਅਕਤੀ ਦੁਬਈ ਤੋਂ ਦਿੱਲੀ ਹੁੰਦਾ ਹੋਇਆ ਅੱਜ ਰਾਜਾਸਾਂਸੀ ਹਵਾਈ ਅੱਡੇ 'ਤੇ ਪੁੱਜਾ। ਇਸ ਦੌਰਾਨ ਹਵਾਈ ਅੱਡੇ 'ਤੇ ਮੌਜੂਦ ਸਿਹਤ ਵਿਭਾਗ ਦੀ ਟੀਮ ਵਲੋਂ ਜਦੋਂ ਉਕਤ ਵਿਅਕਤੀ ਦੀ ਸਕਰੀਨਿੰਗ ਕੀਤੀ ਗਈ ਤਾਂ ਇਸ ਦੌਰਾਨ ਉਕਤ ਵਿਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਜਿਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਡਾਰਕਟਰਾਂ ਵਲੋਂ ਮਰੀਜ਼ ਦੀ ਮੁੱਢਲੀ ਸਿਹਤ ਜਾਂਚ ਕਰਕੇ ਟੈਸਟਿੰਗ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ। ਮਰੀਜ਼ ਦੇ ਬਲੱਡ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ ਅਤੇ ਮਰੀਜ਼ ਨੂੰ ਸਖਤ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਕੋਰੋਨਾ ਦਾ ਕਹਿਰ, 101 ਦੇਸ਼ਾਂ 'ਚ ਪਸਾਰੇ ਪੈਰ
ਚੀਨ ਤੋਂ ਸ਼ੁਰੂ ਹੋਇਾਆ ਕੋਰੋਨਾਵਾਇਰਸ ਹੁਣ ਤਕ 101 ਦੇਸ਼ਾਂ ਵਿਚ ਪੈਰ ਪਸਾਰ ਚੁੱਕਾ ਹੈ। ਹੁਣ ਤਕ 92 ਦੇਸ਼ਾਂ ਵਿਚ ਇਸ ਦੀ ਪੁਸ਼ਟੀ ਹੋਈ ਹੈ। ਪੰਜਾਬ ਅਤੇ ਕਰਨਾਟਕ ਵਿਚ ਇਕ ਇਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਮਰੀਜ਼ਾਂ ਦੀ ਗਿਣਤੀ ਸੋਮਵਾਰ ਤਕ 45 ਹੋ ਗਈ ਹੈ। ਜਦਕਿ ਕਰਨਾਟਕ ਵਿਚ ਇਸ ਨਾਲ ਪਹਿਲੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਭਾਰਤ ਨੇ 31 ਮਾਰਚ ਤਕ ਸਾਰੀਆਂ ਵਿਦੇਸ਼ੀ ਛਿੱਪਾਂ ਦੀ ਐਂਟਰੀ ਬੈਨ ਕਰ ਦਿੱਤੀ ਹੈ। ਇਸੇ ਤਹਿਤ ਮੰਗਲੌਰ 'ਚ ਇਕ ਯੂਰਪੀਅਨ ਕੰਪਨੀ ਦਾ ਜਹਾਜ਼ ਵਾਪਸ ਭੇਜ ਦਿੱਤਾ ਗਿਆ।
ਕਰੋਨਾ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੀ ਸਤਰਕ
ਦੁਨੀਆ ਭਰ 'ਚ ਜਿਥੇ ਕੋਰੋਨਾਵਾਇਰਸ ਨਾਲ ਨਿਪਟਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਪੰਜਾਬ ਸਰਕਾਰ ਵਲੋਂ ਵੀ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕਈ ਕਦਮ ਚੁੱਕੇ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਲੋਂ ਕੋਰੋਨਾ ਵਾਇਰਸ (ਕੋਵਿਡ-19) ਨਾਲ ਨਿਪਟਣ ਸਿਹਤ ਵਿਭਾਗ ਨੂੰ ਨੇੜਿਓਂ ਨਜ਼ਰ ਰੱਖਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਅਹਿਤਿਆਤ ਵਜੋਂ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਨਾ ਜਾਣ ਦੀ ਅਪੀਲ ਕੀਤੀ ਹੈ। ਹਰੇਕ ਜ਼ਿਲੇ 'ਚ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਅਤੇ ਜ਼ਿਲਾ ਪੱਧਰੀ ਰਿਸਪਾਂਸ ਟੀਮਾਂ 24 ਘੰਟੇ ਚੌਕਸ ਰਹਿਣਗੀਆਂ। ਇਸ ਤੋਂ ਇਲਾਵਾ ਹੈੱਡਕੁਆਰਟਰ ਵਿਖੇ ਸੂਬਾ ਪੱਧਰੀ ਕੰਟਰੋਲ ਰੂਮ (ਫੋਨ ਨੰਬਰ 88720-90029/0172-2920074) ਵੀ ਸਥਾਪਤ ਕੀਤਾ ਗਿਆ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਸ਼ਿਕਾਇਤ/ਸੰਕਟ ਆਉਣ 'ਤੇ ਫੌਰੀ ਕਾਰਵਾਈ ਕੀਤੀ ਜਾ ਸਕੇ।
ਸਿਹਤ ਵਿਭਾਗ ਵਲੋਂ ਸੂਬਾਈ ਨੋਡਲ ਅਫ਼ਸਰ ਨੂੰ ਨਿਗਰਾਨ ਅਫ਼ਸਰ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਸਥਿਤੀ ਨੂੰ ਸੰਭਾਲਣ ਲਈ ਜ਼ਿਲਾ ਨੋਡਲ ਅਫ਼ਸਰ ਵੀ ਲਾਏ ਗਏ ਹਨ। ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ 22 ਜ਼ਿਲਾ ਹਸਪਤਾਲਾਂ ਅਤੇ 3 ਸਰਕਾਰੀ ਮੈਡੀਕਲ ਕਾਲਜਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਇਨ੍ਹਾਂ ਹਸਪਤਾਲਾਂ 'ਚ 649 ਬਿਸਤਰਿਆਂ ਦੇ ਵੱਖਰੇ ਵਾਰਡ (ਆਈਸੋਲੇਟਿਡ ਵਾਰਡ) ਬਣਾਏ ਗਏ ਹਨ ਅਤੇ 24 ਵੈਂਟੀਲੇਟਰਾਂ ਦਾ ਵੀ ਬੰਦੋਬਸਤ ਕੀਤਾ ਜਾ ਚੁੱਕਾ ਹੈ, ਜਿਨ੍ਹਾਂ 'ਚ ਜ਼ਿਲਾ ਹਸਪਤਾਲਾਂ 'ਚ 14 ਅਤੇ ਸਰਕਾਰੀ ਮੈਡੀਕਲ ਕਾਲਜਾਂ 'ਚ 10 ਵੈਂਟੀਲੇਟਰ ਸ਼ਾਮਲ ਹਨ। ਹਵਾਈ ਅੱਡਿਆਂ 'ਤੇ ਥਰਮਲ ਸਕੈਨਰ ਲਾਏ ਜਾ ਚੁੱਕੇ ਹਨ ਅਤੇ ਇੱਥੇ ਆਉਣ-ਜਾਣ ਵਾਲੇ ਮੁਸਾਫਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।