ਝਗੜੇ ਦੌਰਾਨ ਕੀਤੇ ਹਵਾਈ ਫਾਇਰ

03/30/2018 7:12:55 AM

ਤਰਨਤਾਰਨ,   (ਰਾਜੂ)-  ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਅਹਾਤੇ 'ਤੇ ਸ਼ਰਾਬ ਪੀ ਕੇ ਝਗੜਾ ਕਰਨ ਦੇ ਦੋਸ਼ ਹੇਠ 6 ਨਾਮਜ਼ਦ ਸਮੇਤ 5 ਅਣਪਛਾਤੇ ਵਿਅਕਤੀਆਂ ਅਤੇ ਸ਼ਿਕਾਇਤਕਰਤਾ ਖਿਲਾਫ ਵੀ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 ਜਾਣਕਾਰੀ ਅਨੁਸਾਰ ਏ. ਐੱਸ. ਆਈ. ਬਲਵਿੰਦਰ ਲਾਲ ਨੇ ਦੱਸਿਆ ਕਿ ਉਨ੍ਹਾਂ ਸਮੇਤ ਪੁਲਸ ਪਾਰਟੀ ਬੋਹੜੀ ਚੌਕ 'ਚ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਸ਼ਿਕਾਇਤਕਰਤਾ ਸੁਪਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਬਹਿਲਾ ਨੇ ਦੱਸਿਆ ਕਿ ਉਹ ਪੰਜਾਬ ਰਾਜ ਬਿਜਲੀ ਬੋਰਡ ਵਿਚ ਸਰਾਏ ਅਮਾਨਤ ਖਾਂ ਵਿਖੇ ਨੌਕਰੀ ਕਰਦਾ ਹੈ ਤੇ ਉਹ ਆਪਣੀ ਡਿਊਟੀ ਤੋਂ ਫਾਰਗ ਸੀ।
 ਗੁਰਦੀਪ ਸਿੰਘ ਅਤੇ ਸਤਨਾਮ ਸਿੰਘ ਵਾਸੀਆਨ ਬਹਿਲਾ ਦੇ ਨਾਲ ਬਿਜਲੀ ਘਰ ਤਰਨਤਾਰਨ ਦੇ ਸਾਹਮਣੇ ਅਹਾਤੇ 'ਤੇ ਬੈਠ ਕੇ ਦਾਰੂ ਪੀਣ ਲੱਗੇ ਤਾਂ ਉਥੇ ਪਹਿਲਾਂ ਹੀ ਹਰਜੀਤ ਸਿੰਘ, ਵਰਿੰਦਰ ਸਿੰਘ ਵਾਸੀ ਮੁਹੱਲਾ ਨਾਨਕਸਰ ਤਰਨਤਾਰਨ, ਸੰਦੀਪ ਕੁਮਾਰ ਵਾਸੀ ਟਾਕ ਸ਼ੱਤਰੀ ਤਰਨਤਾਰਨ, ਹੈਪੀ ਵਾਸੀ ਮੁਹੱਲਾ ਦੀਪ ਐਵੀਨਿਊ ਤਰਨਤਾਰਨ, ਰਵੀ ਵਾਸੀ ਗਲੀ ਮੇਜਰ ਸਿੰਘ ਉਬੋਕੇ ਵਾਲੀ ਤਰਨਤਾਰਨ ਅਤੇ 5 ਅਣਪਛਾਤੇ ਵਿਅਕਤੀ ਬੈਠੇ ਦਾਰੂ ਪੀ ਰਹੇ ਸਨ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਉਸ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਹਵਾਈ ਫਾਇਰ ਕਰ ਦਿੱਤਾ ਤਾਂ ਵਰਿੰਦਰ ਸਿੰਘ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਮੇਰਾ ਰਿਵਾਲਵਰ ਮੇਰੇ ਕੋਲੋਂ ਖੋਹ ਲਿਆ ਤੇ ਮੇਰੀ ਤੇ ਮੇਰੇ ਸਾਥੀਆਂ ਦੀ ਕੁੱਟ-ਮਾਰ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਦੌੜ ਗਏ। ਇਸ ਸਬੰਧੀ ਜਾਂਚ ਅਫਸਰ ਨੇ ਉਕਤ ਵਿਅਕਤੀਆਂ ਤੇ ਸ਼ਿਕਾਇਤਕਰਤਾ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਤਰਨਤਾਰਨ,  (ਰਾਜੂ)-ਥਾਣਾ ਝਬਾਲ ਦੀ ਪੁਲਸ ਨੇ ਗਲੀ ਦੇ ਝਗੜੇ ਕਾਰਨ ਇੱਟਾਂ-ਰੋੜੇ ਅਤੇ ਹਵਾਈ ਫਾਇਰ ਕਰਨ ਦੇ ਦੋਸ਼ ਹੇਠ 7 ਵਿਅਕਤੀਆਂ ਖਿਲਾਫ ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 ਜਾਣਕਾਰੀ ਅਨੁਸਾਰ ਏ. ਐੱਸ. ਆਈ. ਗੁਰਸਾਹਿਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਬੱਸ ਅੱਡਾ ਗੱਗੋਬੂਹਾ ਮੌਜੂਦ ਸੀ ਕਿ ਸ਼ਿਕਾਇਤਕਰਤਾ ਸੁਰਜੀਤ ਸਿੰਘ ਵਾਸੀ ਪੱਧਰੀ ਖੁਰਦ ਨੇ ਦੱਸਿਆ ਕਿ ਲਖਵਿੰਦਰ ਸਿੰਘ, ਬਲਦੇਵ ਸਿੰਘ, ਗੁਰਮਨ ਸਿੰਘ, ਹੈਵਰ ਸਿੰਘ, ਅੰਮ੍ਰਿਤਪਾਲ ਸਿੰਘ, ਸ਼ੇਰਾ ਸਿੰਘ ਅਤੇ ਜਸਪਾਲ ਸਿੰਘ ਵਾਸੀਆਨ ਪੱਧਰੀ ਖੁਰਦ ਇਕ ਸਲਾਹ ਹੋ ਕੇ ਕ੍ਰਿਪਾਨਾਂ ਅਤੇ ਡਾਂਗਾਂ-ਨਾਲ ਲੈਸ ਹੋ ਕੇ ਸਾਡੇ ਘਰ ਦੇ ਦਰਵਾਜ਼ੇ ਨੂੰ ਤੋੜ ਕੇ ਘਰ ਅੰਦਰ ਦਾਖਲ ਹੋ ਗਏ ਤੇ ਜਸਪਾਲ ਸਿੰਘ ਨੇ ਆਪਣੇ ਰਿਵਾਲਵਰ ਨਾਲ ਹਵਾਈ ਫਾਇਰ ਕੀਤੇ ਅਤੇ ਬਾਕੀ ਵਿਅਕਤੀਆਂ ਨੇ ਸਾਡੇ ਘਰ ਦੇ ਦਰਵਾਜ਼ਿਆਂ 'ਤੇ ਇੱਟੇ-ਰੋੜੇ ਮਾਰੇ। ਇਸ ਦੌਰਾਨ ਲੋਕਾਂ ਦਾ ਇਕੱਠ ਦੇਖ ਕੇ ਉਕਤ ਵਿਅਕਤੀ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਜਾਂਚ ਅਫਸਰ ਨੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਅਮਲ 'ਚ ਲਿਆਂਦੀ ਹੈ।


Related News