ਹਨੇਰੀ-ਝੱਖੜ ਦੌਰਾਨ ਕਈ ਥਾਵਾਂ ’ਤੇ ਲੱਗੀ ਅੱਗ, ਟਰਾਈਡੈਂਟ ਫੈਕਟਰੀ ''ਚ ਪੰਜਾਬ ਭਰ ਤੋਂ ਬੁਲਾਉਣੀ ਪਈ ਫਾਇਰ ਬ੍ਰਿਗੇਡ

Thursday, Jun 06, 2024 - 02:51 PM (IST)

ਹਨੇਰੀ-ਝੱਖੜ ਦੌਰਾਨ ਕਈ ਥਾਵਾਂ ’ਤੇ ਲੱਗੀ ਅੱਗ, ਟਰਾਈਡੈਂਟ ਫੈਕਟਰੀ ''ਚ ਪੰਜਾਬ ਭਰ ਤੋਂ ਬੁਲਾਉਣੀ ਪਈ ਫਾਇਰ ਬ੍ਰਿਗੇਡ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਰਾਤ ਚੱਲੀ ਹਨੇਰੀ ਝੱਖੜ ਦੌਰਾਨ ਜਿੱਥੇ ਕਈ ਦਰੱਖਤ ਡਿੱਗ ਗਏ ਅਤੇ ਕਈ ਸ਼ੈਲਰਾਂ ਦੇ ਸੈੱਡ ਉੱਡ ਗਏ। ਇਸ ਦੌਰਾਨ ਕਈ ਜਗ੍ਹਾ ’ਤੇ ਅੱਗ ਵੀ ਲੱਗ ਗਈ। ਸਭ ਤੋਂ ਵੱਡੀ ਅੱਗ ਦੀ ਘਟਨਾ ਟਰਾਈਡੈਂਟ ਫੈਕਟਰੀ ਧੌਲਾ ਵਿਚ ਵਾਪਰੀ। ਸਾਰੀ ਰਾਤ ਅੱਗ ਬੁਝਾਉਣ ਦਾ ਕੰਮ ਜਾਰੀ ਰਿਹਾ। ਮੁਕਸਤਰ, ਪਟਿਆਲਾ, ਰਾਜਪੁਰਾ, ਸਮਰਾਲਾ, ਗਿੱਦੜਬਾਹਾ, ਖੰਨਾ, ਏਅਰ ਫੋਰਸ, ਤਪਾ, ਬਠਿੰਡਾ, ਰਾਮਪੁਰਾ, ਲੁਧਿਆਣਾ ਅਤੇ ਪੰਜਾਬ ਦੇ ਹੋਰ ਵੀ ਕਈ ਸ਼ਹਿਰਾਂ ਵਿਚ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਆਈਆਂ। ਖਬਰ ਲਿਖੇ ਜਾਣ ਤੱਕ ਕਾਫ਼ੀ ਹੱਦ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਇਥੇ ਜ਼ਿਕਰ ਯੋਗ ਹੈ ਕਿ ਟਰਾਈਡੈਂਟ ਫੈਕਟਰੀ ਧੋਲਾ ਜੋ ਕਿ ਬਰਨਾਲਾ ਸ਼ਹਿਰ ਤੋਂ ਕਰੀਬ 18-20 ਕਿਲੋਮੀਟਰ ਦੀ ਦੂਰੀ ਤੇ ਹੈ, ਉੱਥੇ ਲੱਗੀ ਅੱਗ ਦੀਆਂ ਲਪਟਾਂ ਬਰਨਾਲਾ ਸ਼ਹਿਰ ਤੋਂ ਵੀ ਸਾਫ ਦੇਖਿਆ ਜਾ ਰਹੀਆਂ ਸਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹਨੇਰੀ ਤੂਫ਼ਾਨ ਵਿਚਾਲੇ ਮੌਸਮ ਵਿਭਾਗ ਦੀ ਭਵਿੱਖਬਾਣੀ, ਆਉਣ ਵਾਲੇ ਦਿਨਾਂ ਲਈ ਜਾਰੀ ਕੀਤਾ ਅਲਰਟ

ਰਾਜਿੰਦਰ ਗੁਪਤਾ ਜੀ ਨੇ ਮੈਸੇਜ ਪਾ ਕੇ ਲੋਕਾਂ ਤੋਂ ਮਦਦ ਦੀ ਕੀਤੀ ਅਪੀਲ

ਸ਼ਾਮੀ ਕਰੀਬ 8.30 ਵਜੇ ਟਰਾਈਡੈਂਟ ਗਰੁਪ ਦੇ ਸੰਸਥਾਪਕ ਪਦਮ ਸ਼੍ਰੀ ਰਾਜਿੰਦਰ ਗੁਪਤਾ ਨੇ ਟਰਾਈਡੈਂਟ ਫੈਕਟਰੀ ਧੋਲਾ ਵਿੱਚ ਅੱਗ ਲੱਗਣ ਦੀ ਵੀਡੀਓ ਸ਼ੇਅਰ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਕੋਲ ਵੀ ਅੱਗ ਬੁਝਾਉਣ ਦੇ ਯੰਤਰ ਜਾਂ ਪਾਣੀ ਵਾਲੀਆਂ ਵੱਡੀਆਂ ਟੈਂਕੀਆਂ ਹਨ ਤਾਂ ਉਹ ਟਰਾਈਡ ਫੈਕਟਰੀ ਵਿਖੇ ਅੱਗ ਬੁਝਾਉਣ ਵਿੱਚ ਮਦਦ ਕਰਨ ਲਈ ਪੁੱਜਣ ਤਾਂ ਜੋ ਅੱਗ ਤੇ ਕਾਬੂ ਪਾਇਆ ਜਾ ਸਕੇ।

ਤੂੜੀ ਅਤੇ ਸੁੱਕੀ ਲੱਕੜ ਨੂੰ ਅੱਗ ਲੱਗਣ ਕਾਰਨ ਹੋਇਆ ਨੁਕਸਾਨ

ਜ਼ਿਕਰਯੋਗ ਹੈ ਕਿ ਟਰਾਈਡੈਂਟ ਗਰੁੱਪ ਦੀ ਧੌਲਾ ਫੈਕਟਰੀ ਵਿਖੇ ਪੇਪਰ ਬਣਦਾ ਹੈ ਜਿਸ ਵਿੱਚ ਤੂੜੀ ਅਤੇ ਲੱਕੜ ਦੀ ਲੋੜ ਪੈਂਦੀ ਹੈ। ਅੱਗੇ ਬਾਰਿਸ਼ਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਜਿਸ ਦੇ ਮੱਦੇਨਜ਼ਰ ਫੈਕਟਰੀ ਵੱਲੋਂ ਤਿੰਨ ਚਾਰ ਮਹੀਨਿਆਂ ਦਾ ਕੱਚਾ ਸਮਾਨ ਇਕੱਠਾ ਕਰਕੇ ਰੱਖਿਆ ਜਾਂਦਾ ਹੈ। ਮਈ ਵਿੱਚ ਪਈ ਰਿਕਾਰਡ ਤੋੜ ਗਰਮੀ ਕਾਰਨ ਫੈਕਟਰੀ ਵਿੱਚ ਚਾਰ ਪੰਜ ਦਿਨ ਪਹਿਲਾਂ ਤੂੜੀ ਨੂੰ ਅੱਗ ਲੱਗੀ ਸੀ, ਜਿਸ ਉੱਤੇ ਉਸ ਵੇਲੇ ਕਾਬੂ ਪਾ ਲਿਆ ਗਿਆ ਸੀ। ਪਰ ਜਾਪਦਾ ਹੈ ਕਿ ਥੋੜੀ ਦੀ ਅੱਗ ਚੰਗੀ ਤਰ੍ਹਾਂ ਬੁਝੀ ਨਹੀਂ ਸੀ ਅਤੇ ਕੱਲ ਦੇਰ ਸ਼ਾਮ ਚੱਲੀ ਹਨੇਰੀ ਕਾਰਨ ਤੂੜੀ ਦੀ ਅੱਗ ਉੱਡ ਕੇ ਹੋਰ ਥਾਵਾਂ ਵੱਲ ਫੈਲ ਗਈ ਅਤੇ ਉਸ ਨੇ ਭਾਂਬੜ ਦਾ ਰੂਪ ਲੈ ਲਿਆ।

ਸੈਲਫੀਆਂ ਖਿੱਚਣ ਲਈ ਲੋਕ ਫੈਕਟਰੀ ਦੇ ਗੇਟ ਮੂਹਰੇ ਹੋਏ ਇਕੱਠੇ

ਅੱਗ ਲੱਗਣ ਦੀ ਘਟਨਾ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਵਿਚ ਬੜੀ ਤੇਜ਼ੀ ਨਾਲ ਫੈਲ ਗਈ ਜਿਸ ਕਾਰਨ ਆਲੇ ਦੁਆਲੇ ਦੇ ਪਿੰਡਾਂ ਅਤੇ ਹੋਰ ਲੋਕ ਫੈਕਟਰੀ ਦੇ ਗੇਟ ਦੇ ਬਾਹਰ ਇਕੱਠੇ ਹੋ ਗਏ ਅਤੇ ਸੈਲਫੀਆਂ ਖਿੱਚ ਕੇ ਸੋਸ਼ਲ ਮੀਡੀਆ ਤੇ ਪੋਸਟ ਕਰਨ ਲੱਗੇ। ਲੋਕਾਂ ਦੀ ਵੱਧਦੀ ਭੀੜ ਨੂੰ ਵੇਖਦੇ ਹੋਏ ਫੈਕਟਰੀ ਦਾ ਮੁੱਖ ਗੇਟ ਵੀ ਬੰਦ ਕਰਨਾ ਪਿਆ ਜਿਸ ਕਾਰਨ ਰਾਹਤ ਕਾਰਜਾਂ ਵਿੱਚ ਵੀ ਮੁਸ਼ਕਿਲਾਂ ਪੇਸ਼ ਆਈਆਂ।

ਸੋਸ਼ਲ ਮੀਡੀਆ ਤੇ ਰਿਹਾ ਅਫਵਾਹਾਂ ਦਾ ਬਾਜ਼ਾਰ ਗਰਮ

ਸ਼ਹਿਰ ਵਿਚ ਟਰਾਈਡੈਂਟ ਫੈਕਟਰੀ ਵਿੱਚ ਲੱਗੀ ਅੱਗ ਸਬੰਧੀ ਸੋਸ਼ਲ ਮੀਡੀਆ ਤੇ ਵੱਖ-ਵੱਖ ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ। ਕਿਸੇ ਵੱਲੋਂ ਅੱਗ ਨਾਲ ਕਈ ਮਜ਼ਦੂਰਾਂ ਦੇ ਸੜ ਜਾਣ ਸਬੰਧੀ, ਕਈਆਂ ਵੱਲੋਂ ਕੈਮੀਕਲ ਨੂੰ ਅੱਗ ਲੱਗਣ ਸਬੰਧੀ ਅਤੇ ਹੋਰ ਕਈ ਤਰ੍ਹਾਂ ਦੇ ਮੈਸੇਜ ਗਰੁੱਪਾਂ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਸ਼ਹਿਰ ਵਿਚ ਇਕ ਵਾਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਨਾ ਅਫਵਾਹਾਂ ਦਾ ਖੰਡਨ ਕਰਨ ਲਈ ਟਰੈਡ ਗਰੁੱਪ ਦੇ ਸੰਸਥਾਪਕ ਪਦਮ ਸ੍ਰੀ ਰਾਜਿੰਦਰ ਗੁਪਤਾ ਨੇ ਖੁਦ ਆਪਣੇ ਵੱਲੋਂ ਸੋਸ਼ਲ ਮੀਡੀਆ ਤੇ ਮੈਸੇਜ ਪਾਇਆ ਕਿ ਅਜਿਹੀ ਕੋਈ ਗੱਲ ਨਹੀਂ ਹੈ। ਸਾਰੇ ਵਰਕਰ ਸੁਰੱਖਿਅਤ ਹਨ। ਉਹਨਾਂ ਲੋਕਾਂ ਨੂੰ ਅਫਵਾਹਾਂ ਵੱਲ ਧਿਆਨ ਨਾ ਦੇਣ ਦੀ ਦਿੱਤੀ ਸਲਾਹ।

ਇਹ ਖ਼ਬਰ ਵੀ ਪੜ੍ਹੋ - ਚੋਣ ਨਤੀਜਿਆਂ ਮਗਰੋਂ ਪੰਜਾਬ 'ਚ ਹੋਣਗੇ ਵੱਡੇ ਫੇਰਬਦਲ! CM ਮਾਨ ਨੇ ਖਿੱਚੀ ਤਿਆਰੀ

ਰਾਈਡੈਂਟ ਗਰੁੱਪ ਦੇ ਐਡਮਿੰਨ ਹੈੱਡ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਸਾਰੀ ਰਾਤ ਬਾਹਰੋਂ ਅਤੇ ਸ਼ਹਿਰ ਵਿਚੋਂ ਆਈਆਂ ਫਾਇਰ ਬਿਗੇ੍ਰਡ ਗੱਡੀਆਂ ਧੌਲਾ ਵਿਖੇ ਅੱਗ ਬੁਝਾਉਣ ਵਿਚ ਲੱਗੀਆਂ ਰਹੀਆਂ ਅਤੇ ਅੱਜ ਦਿਨ ਸਮੇਂ ਉਸ ਉਪਰ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ। ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਆਰਥਿਕ ਨੁਕਸਾਨ ਕਾਫੀ ਹੋ ਗਿਅ। ਇਸੇ ਤਰ੍ਹਾਂ ਨਾਲ 3 ਜਗ੍ਹਾਂ ’ਤੇ ਹੋਰ ਵੀ ਅੱਗ ਦੀਆਂ ਘਟਨਾਵਾਂ ਵਾਪਰੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਇਰ ਬਿਗ੍ਰੇਡ ਬਰਨਾਲਾ ਦੇ ਕਰਚਮਾਰੀ ਚਮਕੌਰ ਸਿੰਘ ਨੇ ਦਸਿਆ ਕਿ ਪਿੰਡ ਹਮੀਦੀ ਵਿਚ ਵੀ ਇੱਕ ਖੇਤ ਵਿਚ ਪਈ ਤੂੜੀ ਨੂੰ ਅੱਗ ਲੱਗ ਗਈ ਸੀ, ਜਿਸ ਉਪਰ ਕਾਬੂ ਪਾਇਆ ਗਿਆ। ਪਿੰਡ ਠੀਕਰੀਵਾਲ ਦੇ ਇੱਕ ਘਰ ਵਿਚ ਵੀ ਤੂੜੀ ਨੂੰ ਅੱਗ ਲੱਗ ਗਈ ਸੀ, ਪਿੰਡ ਸੁਖਪੁਰਾ ਵਿਚ ਬਿਜਲੀ ਗਰਿੱਡ ਵਿਚ ਘਾਹ ਫੂਸ ਨੂੰ ਅੱਗ ਲੱਗ ਗਈ ਸੀ। ਉਸ ਉਪਰ ਵੀ ਕਾਬੂ ਪਾਇਆ ਗਿਆ।

ਇੰਡਸਟਰੀ ਚੈਂਬਰ ਦੇ ਨੁਮਾਇੰਦੇ ਵੀ ਮੌਕੇ 'ਤੇ ਪੁੱਜੇ

ਫੈਕਟਰੀ ਵਿਚ ਅੱਗ ਦੀ ਖ਼ਬਰ ਸੁਣਦਿਆਂ ਸਾਰ ਇੰਡਸਟਰੀ ਚੈਂਬਰ ਬਰਨਾਲਾ ਦੇ ਪ੍ਰਧਾਨ ਵਿਕਾਸ ਗੋਇਲ, ਚੇਅਰਮੈਨ ਵਿਵੇਕ ਸਿੰਧਵਾਨੀ, ਜਨਰਲ ਸਕੱਤਰ ਹਰੀਸ਼ ਗੋਇਲ,ਖਜਾਨਚੀ ਦਿਨੇਸ਼ ਕੁਮਾਰ, ਅਜੀਤ ਗਰਗ,ਪੁਸ਼ਕਰ ਗੋਇਲ ਆਦਿ ਮੌਕੇ ਤੇ ਪੁੱਜੇ। ਇੰਡਸਟਰੀ ਚੈਂਬਰ ਦੇ ਪ੍ਰਧਾਨ ਵਿਕਾਸ ਗੋਇਲ ਨੇ ਆਪਣੇ ਵੱਲੋਂ ਮੈਸੇਜ ਵੀ ਗਰੁੱਪਾਂ ਵਿੱਚ ਪਾਇਆ ਕਿ ਲੋਕ ਅਫਵਾਹਾਂ ਵੱਲ ਧਿਆਨ ਨਾ ਦੇਣ ਸਥਿਤੀ ਕਾਬੂ ਹੇਠ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News