ਕੀ ਤਾਲਾਬੰਦੀ ਖੁੱਲ੍ਹਣ ''ਤੇ ਮਹਿੰਗਾ ਹੋ ਜਾਵੇਗਾ ਹਵਾਈ ਸਫਰ, ਸੁਣੋ ਇਹ ਵੀਡੀਓ

Tuesday, May 12, 2020 - 04:34 PM (IST)

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਕਰ ਕੇ ਛੋਟੇ ਤੋਂ ਲੈ ਕੇ ਵੱਡੇ ਕਾਰੋਬਾਰ ਠੱਪ ਪਏ ਹਨ। ਹਰ ਕੋਈ ਤਾਲਾਬੰਦੀ ਖੁੱਲ੍ਹਣ ਦੀ ਉਡੀਕ ਕਰ ਰਿਹਾ ਹੈ। ਤਾਂ ਜੋ ਰੁਕੇ ਹੋਏ ਕੰਮਾਂ ਨੂੰ ਦੁਬਾਰਾ ਲੀਹ 'ਤੇ ਲਿਆਂਦਾ ਜਾ ਸਕੇ। ਸਾਰੇ ਦੇਸ਼ਾਂ ਵਲੋਂ ਆਪਣੀਆਂ ਸਰਹੱਦਾਂ ਬੰਦ ਕੀਤੇ ਜਾਣ ਕਰਕੇ ਹਵਾਈ ਕੰਪਨੀਆਂ ਨੂੰ ਵੀ ਚੰਗਾ ਰਗੜਾ ਲੱਗਾ ਹੈ। ਏਅਰਪੋਰਟ ਕੌਸਲ ਇੰਟਰਨੈਸ਼ਨਲ ਏਸ਼ੀਆ-ਪੈਸੀਫਿਕ ਮੁਤਾਬਕ ਮਾਰਚ ਅੱਧ ਤੱਕ ਏਸ਼ੀਆ ਪੈਸੀਫਿਕ ਖੇਤਰ ਦੇ 12 ਵੱਡੇ ਹੱਬਾਂ ਅੰਦਰ ਹਵਾਈ ਸਫ਼ਰ ਪਿਛਲੇ ਸਾਲ ਦੇ ਮੁਕਾਬਲੇ 80 ਫੀਸਦੀ ਤੱਕ ਘਟਿਆ ਹੈ। ਇਸ ਦੌਰਾ ਜੇਕਰ ਅਸੀਂ ਇਕੱਲੇ ਭਾਰਤ ਦੀ ਗੱਲ ਕਰੀਏ ਤਾਂ ਮਾਰਚ ਮਹੀਨੇ ਦੇ ਅਖੀਰ ਤੱਕ ਭਾਰਤੀ ਹਵਾਈ ਕੰਪਨੀਆਂ ਨੂੰ 3.6 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਸੇ ਕਰਕੇ ਕਈ ਹਵਾਈ ਕੰਪਨੀਆਂ ਨੇ ਆਪਣੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਹੈ ਅਤੇ ਕਈ ਹਵਾਈ ਕੰਪਨੀਆਂ ਆਪਣੇ ਮੁਲਾਜ਼ਮਾਂ ਦੀ ਤਨਖਾਹ ਕੱਟਣ ਨੂੰ ਕਹਿ ਰਹੀਆਂ ਹਨ।

ਤਨਖਾਹ ਕੱਟੇ ਜਾਣ ਦੀ ਗੱਲ ਦਾ ਪਤਾ ਲੱਗਣ ’ਤੇ ਇਨ੍ਹਾਂ ਮੁਲਾਜ਼ਮਾਂ ਵਲੋਂ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਸੀ ਕਿ ਉਨ੍ਹਾਂ ਦੀਆਂ ਤਨਖਾਹਾਂ ਕੱਟਣ ਤੋਂ ਰੋਕਿਆ ਜਾਵੇ। ਹੁਣ ਹਵਾਈ ਸਫਰ ਜਦ ਦੁਬਾਰਾ ਸ਼ੁਰੂ ਹੋਵੇਗਾ ਤਾਂ ਹੋ ਸਕਦਾ ਹੈ ਕਿ ਫਿਲਹਾਲ ਦੀ ਘੜੀ ਲੋਕ ਹਵਾਈ ਸਫਰ ਕਰਨ ਤੋਂ ਗੁਰੇਜ਼ ਕਰਨ। ਜੇਕਰ ਜਹਾਜ਼ਾਂ ਅੰਦਰ ਸਰੀਰਕ ਦੂਰੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਤਾਂ ਇਹ ਲਾਜ਼ਮੀ ਹੈ ਕਿ ਕਈ ਸੀਟਾਂ ਖਾਲੀ ਰਹਿ ਜਾਣਗੀਆਂ। ਅਜਿਹੇ 'ਚ ਹਵਾਈ ਸਫਰ ਮਹਿੰਗਾ ਵੀ ਹੋ ਸਕਦਾ ਹੈ, ਕਿਉਂਕਿ ਕੰਪਨੀਆਂ ਨੇ ਆਪਣਾ ਖਰਚ ਵੀ ਜੋ ਕੱਢਣਾ ਹੈ। ਇਕ ਅੰਦਾਜ਼ੇ ਮੁਤਾਬਕ ਹਵਾਈ ਸਫਰ 50 ਫੀਸਦੀ ਤੱਕ ਮਹਿੰਗਾ ਹੋ ਸਕਦਾ ਹੈ।

ਹਵਾਈ ਕੰਪਨੀਆਂ ਦਾ ਇਹ ਵੀ ਤਰਕ ਹੈ ਕਿ ਇਸ ਦੀ ਕੀ ਗਾਰੰਟੀ ਹੈ ਕਿ ਸੀਟਾਂ ਖਾਲੀ ਰੱਖਣ ਨਾਲ ਕੋਰੋਨਾ ਵਾਇਰਸ ਨਾ ਫੈਲੇ। ਉਨ੍ਹਾਂ ਮੁਤਾਬਕ ਯਾਤਰੀਆਂ ਨੂੰ ਮੂੰਹ ’ਤੇ ਮਾਸਕ ਪਾਉਣਾ ਹੀ ਜ਼ਰੂਰੀ ਹੈ। ਇਸ ਵਿਚ ਇਕ ਗੱਲ ਇਹ ਵੀ ਹੈ ਕਿ ਜਿਥੇ ਇਕ ਪਾਸੇ ਲੋਕ ਡਰ ਦੇ ਕਾਰਨ ਹਵਾਈ ਸਫ਼ਰ ਨਹੀਂ ਕਰਨਗੇ ਅਤੇ ਉਥੇ ਹੀ ਦੂਜੇ ਪਾਸੇ ਹਵਾਈ ਕੰਪਨੀਆਂ ਮੁਸਾਫਰਾਂ ਨੂੰ ਖਿੱਚਣ ਲਈ ਕਰਾਏ ਘਟਾ ਵੀ ਸਕਦੀਆਂ ਹਨ ਪਰ ਸ਼ਾਇਦ ਇਸ ਦਾ ਲਾਹਾ ਸ਼ੁਰੂਆਤੀ ਮੁਸਾਫਰ ਹੀ ਲੈ ਸਕਣਗੇ ਅਤੇ ਬਾਅਦ ਵਿਚ ਫਿਰ ਤੋਂ ਸਫਰ ਮਹਿੰਗਾ ਹੋ ਜਾਵੇਗਾ। ਇਸ ਮਾਮਲੇ ਦੇ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਜਗਬਾਣੀ ਪੋਡਕਾਸਟ ਦੀ ਇਹ ਸੁਣ ਸਕਦੇ ਹੋ ਇਹ ਰਿਪੋਰਟ...


author

rajwinder kaur

Content Editor

Related News