ਕੈਬ ਡਰਾਈਵਰ ਤੋਂ ਬੰਦੂਕ ਦੇ ਜ਼ੋਰ ''ਤੇ ਖੋਹੀ ਕਾਰ, ''ਅਗਨੀਵੀਰ'' ਸਮੇਤ ਤਿੰਨ ਗ੍ਰਿਫਤਾਰ

Wednesday, Jul 24, 2024 - 10:43 PM (IST)

ਕੈਬ ਡਰਾਈਵਰ ਤੋਂ ਬੰਦੂਕ ਦੇ ਜ਼ੋਰ ''ਤੇ ਖੋਹੀ ਕਾਰ, ''ਅਗਨੀਵੀਰ'' ਸਮੇਤ ਤਿੰਨ ਗ੍ਰਿਫਤਾਰ

ਚੰਡੀਗੜ੍ਹ : ਮੋਹਾਲੀ ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਵਾਹਨ ਖੋਹਣ ਦੇ ਇਕ ਮਾਮਲੇ 'ਚ 'ਅਗਨੀਵੀਰ' ਸਮੇਤ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਗਨੀਵੀਰ ਇਸ਼ਮੀਤ ਸਿੰਘ ਉਰਫ਼ ਈਸ਼ੂ, ਪ੍ਰਭਪ੍ਰੀਤ ਸਿੰਘ ਉਰਫ਼ ਪ੍ਰਭ ਅਤੇ ਬਲਕਰਨ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਨੇ ਬਲੌਂਗੀ ਵਿੱਚ ਇੱਕ ਕਮਰਾ ਕਿਰਾਏ ’ਤੇ ਲਿਆ ਸੀ। 

ਮੋਹਾਲੀ ਦੇ ਸੀਨੀਅਰ ਪੁਲਸ ਕਪਤਾਨ (ਐੱਸਐੱਸਪੀ) ਸੰਦੀਪ ਕੁਮਾਰ ਗਰਗ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਤਿੰਨਾਂ ਨੇ ਦੋ ਦਿਨ ਪਹਿਲਾਂ ਇੱਕ ਐਪ ਰਾਹੀਂ ਕੈਬ ਬੁੱਕ ਕਰਨ ਤੋਂ ਬਾਅਦ ਕਥਿਤ ਤੌਰ 'ਤੇ ਡਰਾਈਵਰ ਤੋਂ ਬੰਦੂਕ ਦੀ ਨੋਕ 'ਤੇ ਕਾਰ ਖੋਹ ਲਈ ਸੀ। ਉਸ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਗੱਡੀ ਖੋਹਣ ਸਮੇਂ ਡਰਾਈਵਰ ਦੇ ਮੂੰਹ ’ਤੇ ਮਿਰਚਾਂ ਦਾ ਸਪਰੇਅ ਛਿੜਕਿਆ ਸੀ। ਐੱਸਐੱਸਪੀ ਨੇ ਦੱਸਿਆ ਕਿ ਇਸ਼ਮੀਤ ਇਸ ਵੇਲੇ ਪੱਛਮੀ ਬੰਗਾਲ ਵਿੱਚ ਤਾਇਨਾਤ ਹੈ ਅਤੇ ਦੋ ਮਹੀਨੇ ਪਹਿਲਾਂ ਛੁੱਟੀ ’ਤੇ ਪੰਜਾਬ ਆਇਆ ਸੀ, ਪਰ ਇੱਕ ਮਹੀਨੇ ਦੀ ਛੁੱਟੀ ਖ਼ਤਮ ਹੋਣ ਮਗਰੋਂ ਡਿਊਟੀ ’ਤੇ ਵਾਪਸ ਨਹੀਂ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦਾ ਵਸਨੀਕ ਹੈ। 

ਗਰਗ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਦੋਸ਼ੀ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਵਾਹਨ ਖੋਹਣ ਅਤੇ ਚੋਰੀ ਦੀਆਂ ਕੁਝ ਹੋਰ ਵਾਰਦਾਤਾਂ ਵਿੱਚ ਵੀ ਸ਼ਾਮਲ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਾਜ਼ਿਲਕਾ ਵੱਲ ਭੱਜ ਜਾਂਦੇ ਸਨ। ਐੱਸਐੱਸਪੀ ਨੇ ਦੱਸਿਆ ਕਿ ਇਸ਼ਮੀਤ ਸਿੰਘ 2022 ਵਿੱਚ ਅਗਨੀਵੀਰ ਵਜੋਂ ਭਰਤੀ ਹੋਇਆ ਸੀ।


author

Baljit Singh

Content Editor

Related News