ਆਈਲੈਟਸ ਪਾਸ ਲੜਕੀ ਨਾਲ ਵਿਆਹ ਕਰਵਾਉਣ ਵਾਲੇ ਏਜੰਟ ਨੇ ਮਾਰੀ 7 ਲੱਖ ਦੀ ਠਗੀ

07/23/2016 3:46:14 PM

ਨਵਾਂਸ਼ਹਿਰ (ਤ੍ਰਿਪਾਠੀ) : ਇੱਥੇ ਆਈਲੈਟਸ ਪਾਸ ਲੜਕੀ ਨਾਲ ਵਿਆਹ ਕਰਵਾ ਕੇ ਆਸਟ੍ਰੇਲੀਆ ਭੇਜਣ ਦੇ ਨਾਂ ''ਤੇ ਲੜਕੇ ਦੇ ਪਰਿਵਾਰ ਵਲੋਂ 7 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ''ਚ ਇਕ ਏਜੰਟ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।  ਪੁਲਸ ਨੂੰ ਦਿੱਤੀ ਸ਼ਿਕਾਇਤ ''ਚ ਅਜੀਤ ਸਿੰਘ ਪੁੱਤਰ ਪਿਆਰਾ ਸਿੰਘ ਨਿਵਾਸੀ ਪਿੰਡ ਪੰਜੋੜ ਥਾਣਾ ਮੇਹਟੀਆਣਾ ਤਹਿਸੀਲ ਗੜ੍ਹਸ਼ੰਕਰ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਸਤਨਾਮ ਸਿੰਘ (24) ਨੂੰ ਆਸਟ੍ਰੇਲੀਆ ਭੇਜਣ ਲਈ ਅਨਿਲ ਕੁਮਾਰ ਉਰਫ ਰਾਜਾ ਪੁੱਤਰ ਦਰਸ਼ਨ ਕੁਮਾਰ ਨਿਵਾਸੀ ਬੰਗਾ ਦੇ ਨਾਲ 7 ਲੱਖ ਰੁਪਏ ''ਚ ਸੌਦਾ ਤੈਅ ਕੀਤਾ ਸੀ। 
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਰਾਜਾ ਨੇ ਉਸ ਦੇ ਲੜਕੇ ਨੂੰ ਵਿਦੇਸ਼ ਭੇਜਣ ਲਈ ਉਸ ਦੇ ਆਈਲੈਟਸ ਪਾਸ ਇੱਕ ਲੜਕੀ ਨਾਲ ਪਰਿਵਾਰ ਵਾਲਿਆਂ ਦੀ ਹਾਜ਼ਰੀ ''ਚ ਆਨੰਦ ਕਾਰਜ ਕਰਵਾ ਦਿੱਤੇ ਅਤੇ ਪਾਰਟੀ ਵੀ ਦੁਆ ਦਿੱਤੀ। ਇਸ ਤੋਂ ਬਾਅਦ ਅਜੀਤ ਸਿੰਘ ਨੇ ਤੈਅ ਸੌਦੇ ਤਹਿਤ ਉਕਤ ਏਜੰਟ ਨੂੰ ਜਾਣਕਾਰ ਲੋਕਾਂ ਦੀ ਹਾਜ਼ਰੀ ''ਚ ਸਾਰੇ ਪੈਸੇ ਵੀ ਦੇ ਦਿੱਤੇ ਪਰ ਇਸ ਦੇ ਬਾਵਜੂਦ ਦੋਸ਼ੀ ਏਜੰਟ ਨੇ ਨਾਂ ਹੀ ਉਸ ਦੇ ਲੜਕੇ ਨੂੰ ਵਿਦੇਸ਼ ਭੇਜਿਆਂ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ, ਜਦੋਂ ਕਿ ਜਿਸ ਲੜਕੀ ਨਾਲ ਉਸ ਦੇ ਬੇਟੇ ਦੇ ਆਨੰਦ ਕਾਰਜ ਹੋਏ ਸਨ, ਉਸ ਦੀ ਆਈਲੈਟਸ ਦੀ ਮਿਆਦ ਵੀ ਖਤਮ ਹੋ ਗਈ। 
ਅਜੀਤ ਸਿੰਘ ਨੇ ਦੱਸਿਆ ਕਿ ਹੁਣ ਉਕਤ ਏਜੰਟ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕਰ ਰਿਹਾ। ਹੁਣ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ''ਚ ਅਜੀਤ ਸਿੰਘ ਨੇ ਦੋਸ਼ੀ ਏਜੰਟ ਖਿਲਾਫ ਕਾਨੂੰਨੀ ਕਾਰਵਾਈ ਕਰਨ ਅਤੇ ਉਸ ਦੀ ਰਾਸ਼ੀ ਵਾਪਸ ਕਰਵਾਉਣ ਦੀ ਮੰਗ ਕੀਤੀ। ਉਕਤ ਸ਼ਿਕਾਇਤ ਦੀ ਜਾਂਚ ਆਰਥਿਕ ਅਪਰਾਧ ਬ੍ਰਾਂਚ ਅਤੇ ਹੋਰ ਪੁਲਸ ਏਜੰਸੀ ਨਾਲ ਕਰਵਾਉਣ ਉਪਰੰਤ ਪੁਲਸ ਨੇ ਥਾਣਾ ਸਿਟੀ ਬੰਗਾ ''ਚ ਦੋਸ਼ੀ ਏਜੰਟ ਅਨਿਲ ਕੁਮਾਰ ਉਰਫ ਰਾਜਾ ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 

Babita Marhas

News Editor

Related News