ਪਾਕਿਸਤਾਨ ਨੇ ਆਇਰਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
Monday, May 13, 2024 - 08:46 PM (IST)

ਡਬਲਿਨ, (ਭਾਸ਼ਾ)– ਪਾਕਿਸਤਾਨ ਨੇ ਪਹਿਲੇ ਟੀ-20 ਦੀ ਹਾਰ ਦਾ ਬਦਲਾ ਲੈਂਦੇ ਹੋਏ ਦੂਜੇ ਮੈਚ ਵਿਚ ਆਇਰਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਦਿੱਤੀ। ਸ਼ੁੱਕਰਵਾਰ ਨੂੰ ਆਇਰਲੈਂਡ ਨੇ ਪਹਿਲੇ ਟੀ-20 ਵਿਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਇਹ ਆਇਰਲੈਂਡ ਦੀ ਟੀ-20 ਸਵਰੂਪ ਵਿਚ ਪਾਕਿਸਤਾਨ ’ਤੇ ਪਹਿਲੀ ਜਿੱਤ ਸੀ।
ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਆਇਰਲੈਂਡ ਨੇ ਤਿੰਨ ਓਵਰਾਂ ਵਿਚ 29 ਦੌੜਾਂ ਜੋੜ ਕੇ ਤੇਜ਼ ਸ਼ੁਰੂਆਤ ਕੀਤੀ। ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਹਾਲਾਂਕਿ ਚੌਥੇ ਓਵਰ ਵਿਚ ਦੋਵੇਂ ਸਲਾਮੀ ਬੱਲੇਬਾਜ਼ਾਂ ਪਾਲ ਸਟਰਲਿੰਗ ਤੇ ਐਂਡ੍ਰਿਊ ਬਾਲਬਰਨੀ ਨੂੰ ਪੈਵੇਲੀਅਨ ਭੇਜ ਦਿੱਤਾ। ਲੋਕਾਰਨ ਟਕਰ ਤੇ ਹੈਰੀ ਟੈਕਟਰ (32) ਨੇ ਤੀਜੀ ਵਿਕਟ ਲਈ 62 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲਿਆ। ਟਕਰ ਨੇ 34 ਗੇਂਦਾਂ ਵਿਚ 51 ਦੌੜਾਂ ਬਣਾਈਆਂ। ਕਰਟਿਸ ਕੈਂਫਰ (22) ਤੇ ਜਾਰਜ ਡਾਕਰੇਲ (15) ਨੇ ਉਪਯੋਗੀ ਪਾਰੀਆਂ ਖੇਡੀਆਂ ਜਦਕਿ ਗੈਰੇਥ ਡੇਲਾਨੀ ਨੇ 10 ਗੇਂਦਾਂ ਵਿਚ ਅਜੇਤੂ 28 ਦੌੜਾਂ ਬਣਾ ਕੇ ਟੀਮ ਦਾ ਸਕੋਰ 7 ਵਿਕਟਾਂ ’ਤੇ 193 ਦੌੜਾਂ ਤਕ ਪਹੁੰਚਾਇਆ।
ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਸ਼ੁਰੂਆਤ ਖਰਾਬ ਰਹੀ। ਸੈਮ ਅਯੂਬ ਪਹਿਲੇ ਹੀ ਓਵਰ ਵਿਚ ਪੈਵੇਲੀਅਨ ਪਰਤ ਗਿਆ ਜਦਕਿ ਕਪਤਾਨ ਬਾਬਰ ਆਜ਼ਮ ਦੂਜੇ ਓਵਰ ਵਿਚ ਖਾਤਾ ਖੋਲ੍ਹੇ ਬਿਨਾਂ ਗ੍ਰਾਹਮ ਹਿਊਮ ਦਾ ਸ਼ਿਕਾਰ ਬਣਿਆ। ਮੁਹੰਮਦ ਰਿਜਵਾਨ (46 ਗੇਂਦਾਂ ਵਿਚ ਅਜੇਤੂ 75) ਤੇ ਫਖਰ ਜ਼ਮਾਨ (40 ਗੇਂਦਾਂ ਵਿਚ 78 ਦੌੜਾਂ) ਨੇ ਹਾਲਾਂਕਿ ਤੀਜੀ ਵਿਕਟ ਲਈ 140 ਦੌੜਾਂ ਦੀ ਸਾਂਝੇਦਾਰੀ ਕਰਕੇ ਆਇਰਲੈਂਡ ਦੀ ਜਿੱਤ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਆਜ਼ਮ ਖਾਨ ਨੇ ਇਸ ਤੋਂ ਬਾਅਦ 10 ਗੇਂਦਾਂ ਵਿਚ ਅਜੇਤੂ 30 ਦੌੜਾਂ ਦੀ ਪਾਰੀ ਖੇਡ ਕੇ ਪਾਕਿਸਤਾਨ ਨੂੰ 19 ਗੇਂਦਾਂ ਬਾਕੀ ਰਹਿੰਦਿਆਂ ਟੀਚੇ ਤਕ ਪਹੁੰਚਿਆ।