ਨਿਊਜ਼ੀਲੈਂਡ ਭੇਜਣ ਦਾ ਲਾਰਾ ਲਾ ਕੇ ਏਜੰਟ ਡਕਾਰ ਗਿਆ 8.31 ਲੱਖ, ਅੱਕੇ ਪੀੜਤ ਨੇ ਕਰਾਇਆ ਕੇਸ ਦਰਜ
Thursday, Dec 12, 2024 - 07:33 AM (IST)
ਜਲੰਧਰ (ਵਰੁਣ) : ਨਿਊਜ਼ੀਲੈਂਡ ਭੇਜਣ ਦੇ ਨਾਂ ’ਤੇ ਇਕ ਵਿਅਕਤੀ ਨਾਲ 8.31 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਏਜੰਟ ਖ਼ਿਲਾਫ਼ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਏਜੰਟ ਦੀ ਪਛਾਣ ਕਰਤਾਰਪੁਰ ਦੇ ਰਹਿਣ ਵਾਲੇ ਰਾਜ ਕੁਮਾਰ ਵਜੋਂ ਹੋਈ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਪਰਮਜੀਤ ਕੁਮਾਰ ਵਾਸੀ ਪਿੰਡ ਕੋਟਾ ਨੇ ਦੱਸਿਆ ਕਿ ਉਸ ਨੇ ਆਪਣੇ ਭਰਾ ਨੂੰ ਨਿਊਜ਼ੀਲੈਂਡ ਭੇਜਣਾ ਸੀ, ਜਿਸ ਦੇ ਮੱਦੇਨਜ਼ਰ ਸੋਸ਼ਲ ਮੀਡੀਆ ’ਤੇ ਇਕ ਇਸ਼ਤਿਹਾਰ ਦੇਖ ਕੇ ਉਸਨੇ ਏਜੰਟ ਰਾਜ ਕੁਮਾਰ ਨਾਲ ਸੰਪਰਕ ਕੀਤਾ। ਰਾਜ ਕੁਮਾਰ ਨੇ ਗੱਲਬਾਤ ਕਰਨ ਲਈ ਉਨ੍ਹਾਂ ਨੂੰ ਆਪਣੇ ਦਫਤਰ ਬੀ. ਐੱਮ. ਸੀ. ਚੌਕ ਨੇੜੇ ਬੁਲਾਇਆ। ਰਾਜ ਕੁਮਾਰ ਨੇ ਉਨ੍ਹਾਂ ਨੂੰ ਆਪਣੀਆਂ ਗੱਲਾਂ ਵਿਚ ਲੈਣ ਲਈ ਨਿਊਜ਼ੀਲੈਂਡ ਦੇ ਲੱਗੇ ਹੋਏ ਵੀਜ਼ਾ ਵੀ ਦਿਖਾਏ ਅਤੇ ਭਰੋਸਾ ਦਿੱਤਾ ਕਿ ਉਹ ਉਸਦੇ ਭਰਾ ਨੂੰ 17 ਲੱਖ ਰੁਪਏ ਵਿਚ ਨਿਊਜ਼ੀਲੈਂਡ ਭੇਜ ਦੇਵੇਗਾ।
ਇਹ ਵੀ ਪੜ੍ਹੋ : ਬਿਜਲੀ ਘਰ 'ਚ ਲੱਗੀ ਭਿਆਨਕ ਅੱਗ, ਲੋਕਾਂ 'ਚ ਦਹਿਸ਼ਤ ਦਾ ਮਾਹੌਲ, ਪੂਰੇ ਇਲਾਕੇ 'ਚ ਬਲੈਕ ਆਊਟ
ਦੋਸ਼ ਹੈ ਕਿ ਏਜੰਟ ਨੇ ਪਹਿਲਾਂ 8 ਲੱਖ ਰੁਪਏ ਅਤੇ 7 ਲੱਖ ਰੁਪਏ ਵੀਜ਼ਾ ਆਉਣ ਤੋਂ ਬਾਅਦ ਲੈਣ ਦੀ ਗੱਲ ਕਹੀ। ਉਨ੍ਹਾਂ ਨੇ ਏਜੰਟ ਦੇ ਮੰਗਣ ’ਤੇ ਪਾਸਪੋਰਟ ਸਮੇਤ ਹੋਰ ਦਸਤਾਵੇਜ਼ ਅਤੇ 2 ਲੱਖ ਰੁਪਏ ਏਜੰਟ ਨੂੰ ਦੇ ਦਿੱਤੇ, ਜਦਕਿ ਅਗਲੀ ਵਾਰ 5.31 ਲੱਖ ਰੁਪਏ ਉਸਦੇ ਬੈਂਕ ਖਾਤੇ ਵਿਚ ਟਰਾਂਸਫਰ ਕਰ ਦਿੱਤੇ।ਪੀੜਤ ਦਾ ਕਹਿਣਾ ਹੈ ਕਿ ਕਾਫੀ ਸਮੇਂ ਤਕ ਜਦੋਂ ਕੰਮ ਨਹੀਂ ਬਣਿਆ ਤਾਂ ਉਹ ਰਾਜ ਕੁਮਾਰ ਦੇ ਦਫਤਰ ਗਏ ਪਰ ਹਰ ਵਾਰ ਉਨ੍ਹਾਂ ਨੂੰ ਟਾਲ-ਮਟੋਲ ਕਰ ਕੇ ਉਹ ਵਾਪਸ ਭੇਜ ਦਿੰਦਾ ਸੀ। ਬਾਅਦ ਵਿਚ ਮੁਲਜ਼ਮ ਏਜੰਟ ਨੇ ਉਨ੍ਹਾਂ ਦੇ ਫੋਨ ਤਕ ਚੁੱਕਣੇ ਬੰਦ ਕਰ ਦਿੱਤੇ। ਪੀੜਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਨੇ ਜਾਂਚ ਤੋਂ ਬਾਅਦ ਮੁਲਜ਼ਮ ਏਜੰਟ ਰਾਜ ਕੁਮਾਰ ਖਿਲਾਫ ਕੇਸ ਦਰਜ ਕਰ ਲਿਆ। ਪੁਲਸ ਮੁਲਜ਼ਮ ਦੀ ਤਲਾਸ਼ ਵਿਚ ਛਾਪੇਮਾਰੀ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8