ਜਗਦੀਸ਼ ਦੀ ਹੱਤਿਆ ਕਰ ਕੇ ਲਾਸ਼ ਨੂੰ ਨਹਿਰ ''ਚ ਸੁੱਟਿਆ
Saturday, Feb 24, 2018 - 07:03 AM (IST)

ਜਲੰਧਰ, (ਮ੍ਰਿਦੁਲ)— ਲਾਂਬੜਾ ਦੇ ਚੋਗਾਵਾਂ ਪਿੰਡ ਨੇੜੇ ਨਹਿਰ ਵਿਚੋਂ ਮਿਲੀ ਕੈਸ਼ੀਅਰ ਜਗਦੀਸ਼ ਚੰਦਰ ਦੀ ਲਾਸ਼ ਦੇ ਮਾਮਲੇ 'ਚ ਪੁਲਸ ਨੇ ਮੁਲਜ਼ਮ ਰੁਸਤਮ ਦੀ ਗ੍ਰਿਫਤਾਰੀ ਦਿਖਾ ਦਿੱਤੀ ਹੈ ਪਰ ਨਾਬਾਲਿਗ ਹੋਣ ਕਾਰਨ ਰੁਸਤਮ ਨੂੰ ਜੁਬੇਨਾਈਲ ਭੇਜ ਦਿੱਤਾ ਗਿਆ ਹੈ।
ਦੂਜੇ ਪਾਸੇ ਜਾਂਚ ਵਿਚ ਨਵਾਂ ਮੋੜ ਆਇਆ ਹੈ ਕਿ ਚਾਚਾ ਪਰਮਜੀਤ ਨੇ ਰੁਸਤਮ ਨਾਲ ਮਿਲ ਕੇ ਪਿੰਡ ਧਾਲੀਵਾਲ ਨੇੜੇ ਸਥਿਤ ਕਾਦੀਆਂ ਸਥਿਤ ਆਪਣੇ ਘਰ ਵਿਚ ਜਗਦੀਸ਼ ਨੂੰ ਮਾਰ ਕੇ ਉਥੇ ਹੀ ਦੱਬ ਦਿੱਤਾ ਸੀ, ਜਿਸ ਨੂੰ ਲੈ ਕੇ ਪੁਲਸ ਨਵੇਂ ਸਿਰੇ ਤੋਂ ਜਾਂਚ ਕਰ ਰਹੀ ਹੈ। ਇਸ ਗੱਲ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਸ ਵਲੋਂ ਹੁਣ ਪਰਮਜੀਤ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਰੁਸਤਮ ਨੂੰ ਡਰ ਸੀ ਕਿ ਲਾਸ਼ ਦੀ ਬਦਬੂ ਨਾਲ ਉਸ ਦਾ ਸਾਰਾ ਪਲਾਨ ਵਿਗੜ ਸਕਦਾ ਹੈ, ਜਿਸ ਕਾਰਨ ਉਸਨੇ ਲਾਸ਼ ਨੂੰ ਲਾਂਬੜਾ ਦੀ ਚੋਗਾਵਾਂ ਨਹਿਰ ਨੇੜੇ ਸੁੱਟ ਦਿੱਤਾ ਅਤੇ ਫਰਾਰ ਹੋ ਗਏ, ਜਿਸ ਤੋਂ ਬਾਅਦ ਸਾਰੀ ਕਹਾਣੀ ਤੋਂ ਪਰਦਾ ਉਠ ਗਿਆ।
ਜਗਦੀਸ਼ ਨੂੰ ਮਾਰਨ 'ਚ ਚਾਚੇ ਪਰਮਜੀਤ ਦਾ ਨਹੀਂ ਸੀ ਹੱਥ
ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਪਰਮਜੀਤ ਦਾ ਜਗਦੀਸ਼ ਨੂੰ ਮਾਰਨ ਵਿਚ ਕੋਈ ਹੱਥ ਨਹੀਂ ਸੀ। ਉਹ ਸਿਰਫ ਲਾਸ਼ ਨੂੰ ਦਬਾਉਣ ਅਤੇ ਨਹਿਰ ਵਿਚ ਸੁੱਟਣ ਤੱਕ ਹੀ ਸ਼ਾਮਲ ਸੀ, ਜਿਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਹੀ ਕੋਈ ਗੱਲ ਸਾਹਮਣੇ ਆ ਸਕਦੀ ਹੈ।