ਮਾਮੂਲੀ ਤਕਰਾਰ ਮਗਰੋਂ ਕੱਢ ''ਤੇ ਹਵਾਈ ਫਾਇਰ, ਪੁਲਸ ਵੱਲੋਂ ਮਾਮਲਾ ਦਰਜ

Thursday, Nov 06, 2025 - 07:25 PM (IST)

ਮਾਮੂਲੀ ਤਕਰਾਰ ਮਗਰੋਂ ਕੱਢ ''ਤੇ ਹਵਾਈ ਫਾਇਰ, ਪੁਲਸ ਵੱਲੋਂ ਮਾਮਲਾ ਦਰਜ

ਬੰਗਾ (ਰਾਕੇਸ਼ ਅਰੋੜਾ)- ਥਾਣਾ ਸਿਟੀ ਬੰਗਾ ਪੁਲਸ ਵੱਲੋਂ ਮਾਮੂਲੀ ਤਕਰਾਰ ਤੋਂ ਬਾਅਦ ਘਰ ਵਿੱਚ ਕੀਤੇ ਹਵਾਈ ਫਾਇਰ ਨੂੰ ਲੈ ਕੇ ਬੀਐੱਨਐੱਸ ਦੀਆ ਵੱਖ-ਵੱਖ ਧਰਾਂਵਾ ਤਹਿਤ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਅਮਰੀਕ ਸਿੰਘ ਮਾਨ ਪੁੱਤਰ ਗੁਰਦੀਪ ਸਿੰਘ ਮਾਨ ਨਿਵਾਸੀ ਹੀਓ ਨੇ ਦੱਸਿਆ ਕਿ ਉਹ ਪਿੰਡ ਹੀਓ ਦਾ ਪੱਕਾ ਵਸਨੀਕ ਹੈ ਤੇ ਕਾਫੀ ਲੰਮੇ ਅਰਸੇ ਤੋਂ ਪਰਿਵਾਰ ਨਾਲ ਵਿਦੇਸ਼ ਵਿੱਚ ਰਹਿ ਰਿਹਾ ਹੈ। ਉਸ ਦੱਸਿਆ ਕਿ ਕਰੀਬ ਇੱਕ ਮਹੀਨਾ ਉਹ ਇਕੱਲਾ ਹੀ ਛੁੱਟੀ ਲੈਕੇ ਪਿੰਡ ਆਇਆ ਹੋਇਆ ਹੈ ਅਤੇ ਪੰਚਾਇਤ ਅਤੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਦੀ ਰਜ਼ਾਮੰਦੀ ਤੋਂ ਬਾਅਦ ਆਪਣੀ ਬਣੀ ਹੋਈ ਕੋਠੀ ਗੇਟ ਦੇ ਨਾਲ-ਨਾਲ ਪੰਚਾਇਤ ਦੀ ਗਲੀ 'ਚ ਕੰਕਰੀਟ ਅਤੇ ਪਾਇਪ ਪੁਆ ਰਿਹਾ ਹੈ, ਜੋ ਕੰਮ ਪਿੱਛਲੇ ਤਿੰਨ ਚਾਰ ਦਿਨ ਤੋਂ ਚੱਲ ਰਿਹਾ ਹੈ। ਉਸ ਦੱਸਿਆ ਕਿ ਉਸ ਦਾ ਗੁਆਂਢੀ ਸੁਰਿੰਦਰ ਸਿੰਘ ਜੌਹਲ ਪੁੱਤਰ ਕਰਤਾਰ ਸਿੰਘ ਅਤੇ ਉਸਦੀ ਪਤਨੀ ਜਿਸ ਦਾ ਉਹ ਨਾਮ ਨਹੀਂ ਜਾਣਦਾ ਉਕਤ ਚੱਲ ਰਹੇ ਕੰਮ ਦਾ ਵਿਰੋਧ ਕਰਨ ਲੱਗੇ। ਜਿਸ ਨੂੰ ਲੈ ਕੇ ਉਸਦੀ ਸੁਰਿੰਦਰ ਸਿੰਘ ਜੌਹਲ ਨਾਲ ਕਾਫੀ ਬਹਿਸ ਬਾਜ਼ੀ ਹੋ ਗਈ। 

ਇਸ ਮਗਰੋਂ ਸੁਰਿੰਦਰ ਸਿੰਘ ਜੌਹਲ ਆਪਣੀ ਕੋਠੀ ਅੰਦਰ ਚਲਾ ਗਿਆ, ਜਿਸ ਪਾਸ ਲਾਈਸੰਸੀ ਰਿਵਾਲਰ ਹੈ ਅਤੇ ਉਸ ਨੇ ਉਕਤ ਰਿਵਾਲਰ ਨਾਲ ਘਰ ਦੇ ਅੰਦਰ ਇਕ ਹਵਾਈ ਫਾਇਰ ਕੀਤਾ। ਜਿਸ ਨਾਲ ਗਲੀ ਵਿੱਚ ਖੜੇ ਪਿੰਡ ਨਿਵਾਸੀਆ ਵਿੱਚ ਦਹਿਸ਼ਤ ਦਾ ਮਾਹੋਲ ਪੈਦਾ ਹੋ ਗਿਆ। ਜਿਸ ਦੀ ਸੂਚਨਾ ਉਸ ਨੇ ਤਰੁੰਤ ਪੁਲਸ ਨੂੰ ਦਿੱਤੀ ਜੋ ਕਿ ਸੂਚਨਾ ਮਿਲਦੇ ਹੀ ਐਡੀਸ਼ਨਲ ਐੱਸਐੱਚਓ ਏਐੱਸਆਈ ਵਿਜੈ ਕੁਮਾਰ ਸ਼ਰਮਾ ਤੁਰੰਤ ਪੁਲਸ ਪਾਰਟੀ ਨੂੰ ਨਾਲ ਲੈ ਕੇ ਮੌਕੇ 'ਤੇ ਪੁੱਜੇ ਅਤੇ ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ 125,351 (2)(3) ਬੀਐੱਨਐੱਸ ਅਤੇ 25(9),30 ਆਰਮਐਕਟ ਤਹਿਤ ਮਾਮਲਾ ਨੰਬਰ 118 ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


author

Baljit Singh

Content Editor

Related News