ਵਿਆਹ 'ਚ ਲਾੜੀ ਦੇ ਲੱਗੀ ਗੋ.ਲ਼ੀ ਮਗਰੋਂ ਐਕਸ਼ਨ ਮੋਡ 'ਚ ਪ੍ਰਸ਼ਾਸਨ, ਪੈਲੇਸਾਂ ਦੇ ਪ੍ਰਬੰਧਕਾਂ ਨੂੰ ਦਿੱਤੀਆਂ ਸਖ਼ਤ ਹਦਾਇਤਾਂ
Tuesday, Nov 12, 2024 - 06:07 AM (IST)
ਖੰਨਾ (ਸੁਖਵਿੰਦਰ ਕੌਰ, ਕਮਲ)- ਬੀਤੇ ਦਿਨੀਂ ਫਿਰੋਜ਼ਪੁਰ ਦੇ ਇਕ ਪੈਲੇਸ 'ਚ ਵਿਆਹ ਦੌਰਾਨ ਗੋਲ਼ੀ ਚੱਲ ਗਈ ਸੀ, ਜਿਸ ਕਾਰਨ ਲਾੜੀ ਦੇ ਮੱਥੇ 'ਚ ਗੋਲ਼ੀ ਲੱਗ ਗਈ ਸੀ ਤੇ ਹਾਲੇ ਵੀ ਉਸ ਦੀ ਹਾਲਤ ਹਸਪਤਾਲ 'ਚ ਨਾਜ਼ੁਕ ਬਣੀ ਹੋਈ ਹੈ। ਇਸੇ ਦੌਰਾਨ ਖੰਨਾ ਦੇ ਸੀਨੀਅਰ ਪੁਲਸ ਕਪਤਾਨ ਅਸ਼ਵਿਨੀ ਗੋਟਿਆਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸ.ਪੀ (ਐੱਚ) ਖੰਨਾ ਤਰੁਣ ਰਤਨ ਨੇ ਡੀ.ਐੱਸ.ਪੀ. (ਐੱਚ) ਹਰਪਿੰਦਰ ਕੌਰ ਗਿੱਲ ਦੇ ਨਾਲ ਵੱਖ-ਵੱਖ ਮੈਰਿਜ ਪੈਲੇਸਾਂ/ਰਿਜ਼ਾਰਟ ਦੇ ਮਾਲਕਾਂ ਅਤੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ।
ਇਸ ਵਿਚ ਉਨ੍ਹਾਂ ਮੈਰਿਜ ਪੈਲੇਸ/ਰਿਜ਼ਾਰਟ ਅੰਦਰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਇਮਾਰਤ ਦੇ ਅੰਦਰ ਹਥਿਆਰਾਂ ਦੀ ਵਰਤੋਂ ਦੇ ਵਿਰੋਧ ਵਿਚ ਇਸ਼ਤਿਹਾਰ ਦੇਣ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਮੈਰਿਜ ਪੈਲੇਸਾਂ ਵਿਚ ਹਥਿਆਰਾਂ ਦੀ ਵਰਤੋਂ ਤੇ ਮਨਾਹੀ ਸਬੰਧੀ ਵੱਡੇ-ਵੱਡੇ ਅੱਖਰਾਂ ਵਿਚ ਲਿਖ ਕੇ ਬੋਰਡ ਲਗਾਏ ਜਾਣ। ਐੱਸ.ਪੀ. ਤਰੁਣ ਰਤਨ ਨੇ ਕਿਹਾ ਕਿ ਫਿਰ ਵੀ ਜੇਕਰ ਕੋਈ ਵਿਅਕਤੀ ਵਿਆਹ ਸਮਾਗਮ ਮੌਕੇ ਅਸਲਾ ਲੈ ਕੇ ਆਉਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ।
ਇਹ ਵੀ ਪੜ੍ਹੋ- ਭਲਾਈ ਦਾ ਤਾਂ ਜ਼ਮਾਨਾ ਹੀ ਨਹੀਂ ਰਿਹਾ ! ਜਿਨ੍ਹਾਂ ਦੀ ਕੀਤੀ ਮਦਦ, ਉਹੀ ਕਰ ਗਏ ਕਾਂਡ
ਖੰਨਾ ਪੁਲਸ ਅਨੁਸਾਰ ਐੱਸ.ਪੀ. ਖੰਨਾ ਨੇ ਮੈਰਿਜ ਪੈਲੇਸ/ਰਿਜ਼ਾਰਟ ਦੇ ਮਾਲਕਾਂ ਅਤੇ ਪ੍ਰਬੰਧਕਾਂ ਨਾਲ ਵਿਆਹ ਦੇ ਸੀਜ਼ਨ ਦੌਰਾਨ ਇਨ੍ਹਾਂ ਥਾਵਾਂ ’ਤੇ ਹਥਿਆਰਾਂ ਦੀ ਮਨਾਹੀ ਨੂੰ ਲਾਗੂ ਕਰਨ ਲਈ ਕਿਹਾ। ਮੀਟਿੰਗ ਦਾ ਮੁੱਖ ਮੰਤਵ ਮੈਰਿਜ ਪੈਲੇਸ/ਰਿਜ਼ਾਰਟ ਵਿਚ ਅਣਸੁਖਾਵੀਂ ਘਟਨਾ ਨੂੰ ਰੋਕਣਾ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।
ਇਸ ਮੌਕੇ ਮੈਰਿਜ ਪੈਲੇਸਾਂ/ਰਿਜ਼ਾਰਟਾਂ ਦੇ ਮਾਲਕਾਂ ਤੇ ਪ੍ਰਬੰਧਕਾਂ ਨੇ ਭਰੋਸਾ ਦਿਵਾਇਆ ਕਿ ਉਹ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ। ਇਸ ਮੌਕੇ ਪ੍ਰਧਾਨ ਪਵਿੱਤਰ ਸਿੰਘ ਗਿੱਲ, ਜੁਗਰਾਜ ਸਿੰਘ ਔਜਲਾ, ਹਰਦੇਵ ਸਿੰਘ ਬੇਦੀ, ਅਮਰਿੰਦਰ ਸਿੰਘ, ਗੌਤਮ ਅਗਰਵਾਲ, ਵਿਵੇਕ ਕੁਮਾਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਕਈ ਦਿਨਾਂ ਤੋਂ ਲਾਵਾਰਸ ਖੜ੍ਹਾ ਸੀ ਮੋਟਰਸਾਈਕਲ, ਜਦੋਂ ਪੁਲਸ ਨੇ ਕੀਤੀ ਜਾਂਚ ਤਾਂ ਉੱਡ ਗਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e