ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਹੁਣ ਸ਼ਿਕਾਇਤ ਦਰਜ ਕਰਵਾਉਣ ਲਈ ਥਾਣਿਆਂ 'ਚ ਜਾਣ ਦੀ ਲੋੜ ਨਹੀਂ

Friday, May 17, 2024 - 05:57 PM (IST)

ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਹੁਣ ਸ਼ਿਕਾਇਤ ਦਰਜ ਕਰਵਾਉਣ ਲਈ ਥਾਣਿਆਂ 'ਚ ਜਾਣ ਦੀ ਲੋੜ ਨਹੀਂ

ਜਲੰਧਰ (ਸੁਧੀਰ)- ਇਨਸਾਫ਼ ਪ੍ਰਾਪਤ ਕਰਨ ਲਈ ਲੋਕ ਅਕਸਰ ਥਾਣਿਆਂ ’ਚ ਖੱਜਲ-ਖੁਆਰ ਹੁੰਦੇ ਵੇਖੇ ਜਾਂਦੇ ਹਨ। ਕਈ ਵਾਰ ਤਾਂ ਲੋਕ ਥੱਕ-ਹਾਰ ਕੇ ਇਹ ਕਹਿੰਦੇ ਹੋਏ ਆਪਣੇ ਘਰਾਂ ’ਚ ਬੈਠ ਜਾਂਦੇ ਹਨ ਅਤੇ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਲੋਕਾਂ ਦੇ ਦਰਦ ਨੂੰ ਸਮਝਦੇ ਹੋਏ ‘ਜਗ ਬਾਣੀ’ਵੱਲੋਂ ਏ. ਡੀ. ਜੀ. ਪੀ. ਐੱਮ. ਐੱਫ਼. ਫਾਰੂਕੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹੁਣ ਸੂਬੇ ਭਰ ਦੇ ਲੋਕਾਂ ਨੂੰ ਪੁਲਸ ਕਮਿਸ਼ਨਰ ਆਫਿਸ, ਐੱਸ. ਐੱਸ. ਪੀ. ਆਫਿਸ ਤੇ ਸੂਬੇ ਦੇ ਕਿਸੇ ਵੀ ਥਾਣੇ ’ਚ ਸ਼ਿਕਾਇਤ ਦਰਜ ਕਰਵਾਉਣ ਦੀ ਕੋਈ ਲੋੜ ਨਹੀਂ ਪਵੇਗੀ ਅਤੇ ਨਾ ਹੀ ਕਿਸੇ ਅਧਿਕਾਰੀ ਦੇ ਇੰਤਜ਼ਾਰ ’ਚ ਘੰਟਿਆਂਬੱਧੀ ਬੈਠਣਾ ਪਵੇਗਾ।

‘ਜਗ ਬਾਣੀ’ਨਾਲ ਵਿਸ਼ੇਸ਼ ਗੱਲਬਾਤ ’ਚ ਏ. ਡੀ. ਜੀ. ਪੀ. ਐੱਮ. ਐੱਫ਼. ਫਾਰੂਕੀ ਨੇ ਦੱਸਿਆ ਕਿ ਸੂਬੇ ਭਰ ਦੇ ਲੋਕ ਆਪਣੀ ਆਨਲਾਈਨ ਸ਼ਿਕਾਇਤ ਦਰਜ ਕਰਵਾ ਕੇ ਘਰ ਬੈਠੇ ਹੀ ਇਨਸਾਫ਼ ਪਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲੋਕਾਂ ਨੂੰ ਇਧਰ-ਉਧਰ ਭਟਕਣ ਦੀ ਕੋਈ ਲੋੜ ਨਹੀਂ ਹੈ। ਇਸ ਨਾਲ ਲੋਕਾਂ ਦਾ ਸਮਾਂ ਵੀ ਬਚੇਗਾ ਅਤੇ ਲੋਕਾਂ ਦਾ ਪੁਲਸ ’ਚ ਭਰੋਸਾ ਹੋਰ ਵਧੇਗਾ। ਆਮ ਤੌਰ ’ਤੇ ਕਈ ਵਾਰ ਵੇਖਣ ਨੂੰ ਮਿਲਦਾ ਹੈ ਕਿ ਲੋਕਾਂ ਨੂੰ ਥਾਣਾ ਪੱਧਰ ’ਤੇ ਇਨਸਾਫ਼ ਨਹੀਂ ਮਿਲਦਾ, ਜਿਸ ਕਾਰਨ ਉਨ੍ਹਾਂ ਨੂੰ ਇਧਰ-ਉਧਰ ਚੱਕਰ ਕੱਟਣੇ ਪੈਂਦੇ ਹਨ।
ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਹੁਣ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੂਬੇ ਭਰ ਦੇ ਲੋਕ ਘਰ ਬੈਠੇ ਹੀ ਆਪਣੀ ਆਨਲਾਈਨ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਆਨਲਾਈਨ ਸ਼ਿਕਾਇਤ ਦਰਜ ਕਰਨਾ ਇੰਨਾ ਆਸਾਨ ਹੈ ਕਿ ਜੇਕਰ ਸ਼ਿਕਾਇਤਕਰਤਾ ਨੂੰ ਆਨਲਾਈਨ ਸ਼ਿਕਾਇਤ ਦਰਜ ਕਰਵਾਉਣੀ ਨਹੀਂ ਆਉਂਦੀ ਤਾਂ ਉਹ ਜਿਸ ਵਿਅਕਤੀ ਤੋਂ ਆਪਣੀ ਸ਼ਿਕਾਇਤ ਟਾਈਪ ਕਰਵਾ ਰਿਹਾ ਹੈ, ਉਹ ਆਨਲਾਈਨ ਸ਼ਿਕਾਇਤ ਦਰਜ ਕਰਨ ਲਈ ਉਸ ਦੀ ਮਦਦ ਵੀ ਲੈ ਸਕਦਾ ਹੈ।

ਇਹ ਵੀ ਪੜ੍ਹੋ-  ‘ਪੰਜਾਬ ਬਚਾਓ’ ਯਾਤਰਾ ਦੌਰਾਨ ਸੁਖਬੀਰ ਬਾਦਲ ਨੇ ਟਰੈਕਟਰ ’ਤੇ ਲਵਾ ਲਈ ਛੱਤਰੀ ਤਾਂ ਕਿ ਗਰਮੀ ਨਾ ਲੱਗੇ: ਭਗਵੰਤ ਮਾਨ
ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਸ਼ਿਕਾਇਤਕਰਤਾ ਨੂੰ 30 ਤੋਂ 45 ਦਿਨਾਂ ਅੰਦਰ ਇਨਸਾਫ਼ ਵੀ ਦਿਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਆਨਲਾਈਨ ਸ਼ਿਕਾਇਤ ਦਰਜ ਕਰਨ ਵਾਲਿਆਂ ਲਈ ਟਾਈਮ ਬਾਊਂਡ ਸਮਾਂ ਰੱਖਿਆ ਗਿਆ ਹੈ ਤਾਂ ਕਿ ਸ਼ਿਕਾਇਤਕਰਤਾ ਨੂੰ ਵਾਰ-ਵਾਰ ਆਪਣੀ ਸੁਣਵਾਈ ਲਈ ਚੱਕਰ ਨਾ ਕੱਟਣੇ ਪੈਣ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ਸਬੰਧੀ ਆਨਲਾਈਨ ਸਟੇਟਸ ਵੀ ਚੈੱਕ ਕਰ ਸਕਦਾ ਹੈ ਤਾਂ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਕਿਵੇਂ ਕਰੀਏ ਆਨਲਾਈਨ ਸ਼ਿਕਾਇਤ ਦਰਜ
ਏ. ਡੀ. ਜੀ. ਪੀ. ਐੱਮ. ਐੱਫ਼. ਫਾਰੂਕੀ ਨੇ ਦੱਸਿਆ ਕਿ ਆਨਲਾਈਨ ਸ਼ਿਕਾਇਤ ਦਰਜ ਕਰਨ ਲਈ ਸਭ ਤੋਂ ਪਹਿਲਾਂ ਸੂਬੇ ਭਰ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਵੈੱਬਸਾਈਟ pdg.punjab police.gov.in ’ਤੇ ਜਾ ਕੇ ਸਾਈਨਅੱਪ ਕਰਨਾ ਹੋਵੇਗਾ, ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਇਸ ਪੇਜ ਨੂੰ ਓਪਨ ਕਰਕੇ ਆਪਣਾ ਅਕਾਊਂਟ ਬਣਾਉਣਾ ਪਵੇਗਾ, ਜਿਸ ਦਾ ਕੋਈ ਵੀ ਖ਼ਰਚਾ ਨਹੀਂ ਹੈ। ਇਸ ਦੇ ਨਾਲ ਹੀ ਆਪਣੀ ਈਮੇਲ ਆਈ. ਡੀ. ਅਤੇ ਪਾਸਵਰਡ ਪਾਉਣ ਤੋਂ ਬਾਅਦ ਆਪਣੇ ਅਕਾਊਂਟ ਤੋਂ ਸ਼ਿਕਾਇਤਕਰਤਾ ਨੂੰ ਆਪਣੀ ਸ਼ਿਕਾਇਤ ਦਰਜ ਕਰਨੀ ਹੋਵੇਗੀ।

ਉਨ੍ਹਾਂ ਦੱਸਿਆ ਕਿ ਆਨਲਾਈਨ ਸ਼ਿਕਾਇਤ ਦਰਜ ਕਰਨਾ ਬਿਲਕੁਲ ਆਸਾਨ ਹੈ। ਉਨ੍ਹਾਂ ਉਦਾਹਰਣ ਦੇ ਤੌਰ ’ਤੇ ਦੱਸਿਆ ਕਿ ਜਿਵੇਂ ਅਸੀਂ ਪਾਸਪੋਰਟ ਲਈ ਬਿਨੈ-ਪੱਤਰ ਜਮ੍ਹਾ ਕਰਦੇ ਹਨ, ਉਸੇ ਤਰ੍ਹਾਂ ਸ਼ਿਕਾਇਤ ਦਰਜ ਕਰਨ ਲਈ ਬਿਲਕੁਲ ਸਿੰਪਲ ਸਿਸਟਮ ਹੈ। ਇਸ ਵਿਚ ਕੁੱਲ 5 ਪੇਜ ਹਨ, ਜਿਸ ’ਚ ਸ਼ਿਕਾਇਤ ਦਰਜ ਕਰਵਾਉਣ ਵਾਲੇ ਦਾ ਨਾਂ, ਪਤਾ, ਮੋਬਾਇਲ ਨੰਬਰ ਅਤੇ ਈ-ਮੇਲ ਆਈ. ਡੀ. ਸਬੰਧੀ ਸਾਰੀ ਜਾਣਕਾਰੀ ਟਾਈਪ ਕਰਨੀ ਹੋਵੇਗੀ। ਇਸ ਤੋਂ ਬਾਅਦ ਜਿਸ ਖ਼ਿਲਾਫ਼ ਸ਼ਿਕਾਇਤ ਹੈ, ਉਸ ਦੀ ਵੀ ਪੂਰੀ ਡਿਟੇਲ ਸਬਮਿਟ ਕਰਨੀ ਹੋਵੇਗੀ। ਇਸ ਦੇ ਨਾਲ ਹੀ ਸ਼ਹਿਰ ਦਾ ਨਾਂ ਵੀ ਭਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਸ਼ਿਕਾਇਤਕਰਤਾ ਕੋਲ ਕੋਈ ਵੀਡੀਓ ਜਾਂ ਆਡੀਓ ਕਲਿੱਪ ਜਾਂ ਕੋਈ ਵੀ ਸਬੂਤ ਹੈ ਤਾਂ ਉਹ ਉਸ ਨੂੰ ਵੀ ਆਨਲਾਈਨ ਅਪਲੋਡ ਕਰ ਸਕਦਾ ਹੈ। ਐਵੀਡੈਂਸ (ਸਬੂਤ) ਅਪਲੋਡ ਕਰਨ ਨਾਲ ਸ਼ਿਕਾਇਤਕਰਤਾ ਲਈ ਆਸਾਨੀ ਹੋ ਜਾਵੇਗੀ। ਕਈ ਵਾਰ ਸੂਬੇ ਭਰ ਦੇ ਲੋਕ ਸ਼ਿਕਾਇਤ ਦਰਜ ਕਰਵਾਉਣ ਦੇ ਨਾਲ-ਨਾਲ ਆਪਣੀ ਪੈਨਡਰਾਈਵ, ਆਡੀਓ ਜਾਂ ਵੀਡੀਓ ਕਲਿੱਪ ਐਵੀਡੈਂਸ ਵਜੋਂ ਅਟੈਚ ਕਰ ਦਿੰਦੇ ਹਨ ਤੇ ਬਾਅਦ ’ਚ ਉਹ ਐਵੀਡੈਂਸ ਕਈ ਵਾਰ ਗੁੰਮ ਹੋ ਜਾਂਦੇ ਹਨ। ਆਨਲਾਈਨ ਸ਼ਿਕਾਇਤ ਦਰਜ ਕਰਵਾਉਣ ’ਤੇ ਸ਼ਿਕਾਇਤਕਰਤਾ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਇਹ ਵੀ ਪੜ੍ਹੋ- ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਹਾਦਸਾ, ਭਰਾ ਦੀਆਂ ਅੱਖਾਂ ਸਾਹਮਣੇ ਹੋਈ ਭੈਣ ਦੀ ਦਰਦਨਾਕ ਮੌਤ

PunjabKesari

ਸੂਬੇ ਭਰ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ 8 ਡੈਸਕ ਕੀਤੇ ਸਥਾਪਤ
ਏ. ਡੀ. ਜੀ. ਪੀ. ਫਾਰੂਕੀ ਨੇ ਦੱਸਿਆ ਕਿ ਸੂਬੇ ਭਰ ਦੇ ਲੋਕਾਂ ਦੀਆਂ ਆਨਲਾਈਨ ਆਉਣ ਵਾਲੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਅਤੇ ਟਾਈਮ ਬਾਊਂਡ ਸ਼ਿਕਾਇਤਾਂ ਦੀ ਜਾਂਚ ਲਈ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਪੰਜਾਬ ਪੁਲਸ ਨੇ ਕੁੱਲ 8 ਡੈਸਕ ਸਥਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਸ ਦੀ ਹਰ ਰੇਂਜ ਲਈ ਵੱਖ-ਵੱਖ ਡੈਸਕ ਸਥਾਪਤ ਕੀਤੇ ਗਏ ਹਨ। ਆਨਲਾਈਨ ਸ਼ਿਕਾਇਤ ਮਿਲਣ ’ਤੇ ਸਭ ਤੋਂ ਪਹਿਲਾਂ ਸ਼ਿਕਾਇਤਕਰਤਾ ਦਾ ਜ਼ਿਲ੍ਹਾ ਵੇਖਿਆ ਜਾਂਦਾ ਹੈ, ਜਿਸ ਤੋਂ ਬਾਅਦ ਉਕਤ ਸ਼ਹਿਰ ਦੇ ਪੁਲਸ ਕਮਿਸ਼ਨਰ ਅਤੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਭੇਜੀ ਜਾਂਦੀ ਹੈ, ਜਿਹੜੀ ਅੱਗੇ ਮਾਮਲੇ ਦੀ ਜਾਂਚ ਲਈ ਸਬੰਧਤ ਅਧਿਕਾਰੀ ਨੂੰ ਫਾਰਵਰਡ ਕਰ ਦਿੱਤੀ ਜਾਂਦੀ ਹੈ।

ਸੂਬੇ ’ਚ ਤੁਸੀਂ ਜਿੱਥੇ ਮਰਜ਼ੀ ਕਰੋ ਸ਼ਿਕਾਇਤ, ਆਵੇਗੀ ਆਨਲਾਈਨ ਹੀ
‘ਜਗ ਬਾਣੀ’ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੰਜਾਬ ਪੁਲਸ ਦੇ ਏ. ਡੀ. ਜੀ. ਪੀ. ਐੱਮ. ਐੱਫ਼. ਫਾਰੂਕੀ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸੂਬੇ ਦੇ ਲੋਕ ਜਿੱਥੇ ਮਰਜ਼ੀ ਆਪਣੀ ਸ਼ਿਕਾਇਤ ਕਰਨ ਪਰ ਉਕਤ ਉਹ ਆਵੇਗੀ ਆਨਲਾਈਨ ਇਸੇ ਸਾਈਟ ’ਤੇ। ਉਨ੍ਹਾਂ ਦੱਸਿਆ ਕਿ ਕਈ ਵਾਰ ਲੋਕ ਇਨਸਾਫ਼ ਪ੍ਰਾਪਤ ਕਰਨ ਲਈ ਕਈ ਵੱਡੇ-ਵੱਡੇ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟਦੇ ਹਨ, ਜਿਸ ਤੋਂ ਬਾਅਦ ਸ਼ਿਕਾਇਤ ਮਾਰਕ ਹੋਣ ਉਪਰੰਤ ਇਸੇ ਪੋਰਟਲ ’ਤੇ ਆਉਂਦੀ ਹੈ। ਸੂਬੇ ਦੇ ਪੁਲਸ ਕਮਿਸ਼ਨਰ ਆਫਿਸ, ਐੱਸ. ਐੱਸ. ਪੀ. ਆਫਿਸ ’ਚ ਆਉਣ ਵਾਲੀਆਂ ਸਾਰੀਆਂ ਸ਼ਿਕਾਇਤਾਂ ਇਸੇ ਪੋਰਟਲ ’ਤੇ ਹੀ ਆਉਂਦੀਆਂ ਹਨ, ਇਸ ਲਈ ਲੋਕ ਵੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਨਲਾਈਨ ਸਹੂਲਤ ਦਾ ਲਾਭ ਉਠਾਉਣ।

ਯੂ. ਆਈ. ਡੀ. ਲੈਣਾ ਨਾ ਭੁੱਲੋ
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਨਲਾਈਨ ਹੀ ਆਪਣੀ ਸ਼ਿਕਾਇਤ ਦਰਜ ਕਰਨ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਇਹ ਵੀ ਕਿਹਾ ਕਿ ਕਈ ਵਾਰ ਸੂਬੇ ਭਰ ਦੇ ਕਈ ਲੋਕ ਥਾਣਿਆਂ ’ਚ ਜਾ ਕੇ ਸ਼ਿਕਾਇਤਾਂ ਦਰਜ ਕਰਵਾਉਂਦੇ ਹਨ ਤਾਂ ਉਥੇ ਬੈਠੇ ਮੁਲਾਜ਼ਮ ਸ਼ਿਕਾਇਤ ਲੈ ਕੇ ਰੱਖ ਲੈਂਦੇ ਹਨ ਪਰ ਉਨ੍ਹਾਂ ਨੂੰ ਯੂ. ਆਈ. ਡੀ. ਨੰਬਰ ਨਹੀਂ ਦਿੰਦੇ। ਉਨ੍ਹਾਂ ਦੱਸਿਆ ਕਿ ਤੁਸੀਂ ਭਾਵੇਂ ਪੁਲਸ ਕਮਿਸ਼ਨਰ ਆਫਿਸ, ਐੱਸ. ਐੱਸ. ਪੀ. ਆਫਿਸ ਜਾਂ ਕਿਸੇ ਹੋਰ ਦਫ਼ਤਰ ’ਚ ਸ਼ਿਕਾਇਤ ਦਰਜ ਕਰਵਾਉਂਦੇ ਹੋ ਤਾਂ ਸ਼ਿਕਾਇਤ ਦਰਜ ਕਰਨ ਦੇ ਨਾਲ ਹੀ ਸ਼ਿਕਾਇਤਕਰਤਾ ਦਾ ਆਧਾਰ ਕਾਰਡ ਨੰਬਰ ਅਤੇ ਉਸ ਦਾ ਮੋਬਾਇਲ ਨੰਬਰ ਲਿਆ ਜਾਂਦਾ ਹੈ। ਸ਼ਿਕਾਇਤ ਮਿਲਣ ’ਤੇ ਸ਼ਿਕਾਇਤਕਰਤਾ ਦੇ ਰਜਿਸਟਰਡ ਮੋਬਾਈਲ ਫੋਨ ਨੰਬਰ ’ਤੇ ਯੂ. ਆਈ. ਡੀ. ਨੰਬਰ ਦਾ ਮੈਸੇਜ ਵੀ ਆਉਂਦਾ ਹੈ, ਜਿਸ ਕਾਰਨ ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ਨੂੰ ਆਨਲਾਈਨ ਵੀ ਟਰੇਸ ਕਰ ਸਕਦਾ ਹੈ। ਉਨ੍ਹਾਂ ਥਾਣਿਆਂ ’ਚ ਜਾਣ ਵਾਲੀਆਂ ਸ਼ਿਕਾਇਤਾਂ ਪ੍ਰਤੀ ਵੀ ਲੋਕਾਂ ਨੂੰ ਯੂ. ਆਈ. ਡੀ. ਨੰਬਰ ਲੈਣ ਦੀ ਗੱਲ ਕਹੀ ਤਾਂ ਕਿ ਲੋਕਾਂ ਨੂੰ ਆਪਣੀ ਸ਼ਿਕਾਇਤ ਸਬੰਧੀ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸਾਫ਼ ਕਿਹਾ ਕਿ ਜੇਕਰ ਕਿਸੇ ਵੀ ਸ਼ਿਕਾਇਤਕਰਤਾ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਉਸ ਨੂੰ ਯੂ. ਆਈ. ਡੀ. ਨੰਬਰ ਨਹੀਂ ਮਿਲਿਆ ਤਾਂ ਸ਼ਿਕਾਇਤਕਰਤਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੀ ਸ਼ਿਕਾਇਤ ਰਜਿਸਟਰਡ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ’ਚ 80 ਫ਼ੀਸਦੀ ਪੁਲਸ ਫੋਰਸ ਤੇ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਹੋਣਗੀਆਂ ਤਾਇਨਾਤ

ਹੈਲੋ! ਮੈਂ ਏ. ਡੀ. ਜੀ. ਪੀ. ਫਾਰੂਕੀ ਬੋਲ ਰਿਹਾ ਹਾਂ
‘ਜਗ ਬਾਣੀ’ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਏ. ਡੀ. ਜੀ. ਪੀ. ਐੱਮ. ਐੱਫ਼. ਫਾਰੂਕੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਸ਼ੁਰੂ ਕੀਤੀ ਗਈ ਇਸ ਸਹੂਲਤ ਸਬੰਧੀ ਉਹ ਸੂਬੇ ਭਰ ਤੋਂ ਆਉਣ ਵਾਲੀਆਂ ਸ਼ਿਕਾਇਤਾਂ ’ਤੇ ਖ਼ੁਦ ਨਜ਼ਰ ਰੱਖ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਪੈਂਡੈਂਸੀ ਦੀਆਂ ਸ਼ਿਕਾਇਤਾਂ ’ਤੇ ਵੀ ਉਨ੍ਹਾਂ ਨਜ਼ਰ ਰੱਖੀ ਹੋਈ ਹੈ, ਜੇਕਰ ਕਿਸੇ ਸ਼ਹਿਰ ਦੀਆਂ ਸ਼ਿਕਾਇਤਾਂ ਦੀ ਪੈਂਡੈਸੀ ਕਿਸੇ ਕਾਰਨ ਜ਼ਿਆਦਾ ਹੁੰਦੀ ਹੈ ਤਾਂ ਉਕਤ ਸ਼ਹਿਰ ਦੇ ਅਧਿਕਾਰੀ ਨੂੰ ਫੋਨ ਕਰਕੇ ਪੈਂਡਿੰਗ ਸ਼ਿਕਾਇਤਾਂ ਦਾ ਜਲਦ ਹੱਲ ਕਰਨ ਦੇ ਹੁਕਮ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਉਹ ਲੋਕਾਂ ਤੋਂ ਫੀਡਬੈਕ ਲੈਣ ਲਈ ਖੁਦ ਲੋਕਾਂ ਨੂੰ ਫੋਨ ਵੀ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਅੰਮ੍ਰਿਤਸਰ ਤੋਂ ਆਨਲਾਈਨ ਆਈ ਇਕ ਸ਼ਿਕਾਇਤ ਨੂੰ ਆਪਣੇ ਫੋਨ ਤੋਂ ਖੁਦ ਫੋਨ ਕੀਤਾ। ਉਨ੍ਹਾਂ ਸ਼ਿਕਾਇਤਕਰਤਾ ਨੂੰ ਕਿਹਾ ਕਿ ਹੈਲੋ ਮੈਂ ਏ. ਡੀ. ਜੀ. ਪੀ. ਫਾਰੂਕੀ ਬੋਲ ਰਿਹਾ ਹਾਂ, ਕੀ ਤੁਸੀਂ ਪੁਲਸ ਦੀ ਕਾਰਵਾਈ ਤੋਂ ਸੰਤੁਸ਼ਟ ਹੋ। ਸ਼ਿਕਾਇਤਕਰਤਾ ਨੇ ਜਦੋਂ ਇੰਨੇ ਵੱਡੇ ਅਧਿਕਾਰੀ ਨੂੰ ਫੀਡਬੈਕ ਲੈਣ ਲਈ ਆਪਣੇ ਨੰਬਰ ਤੋਂ ਗੱਲ ਕਰਦਿਆਂ ਵੇਖਿਆ ਤਾਂ ਉਸ ਨੇ ਸੰਤੁਸ਼ਟ ਹੋਣ ਦੀ ਗੱਲ ਕਹਿ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਪੁਲਸ ਦੀ ਇਸ ਕਾਰਗੁਜ਼ਾਰੀ ਨੂੰ ਵੇਖ ਕੇ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਮਿਲੀ ਹੈ।

ਜੇਕਰ ਤੁਹਾਨੂੰ ਇਨਸਾਫ਼ ਨਹੀਂ ਮਿਲਦਾ ਤਾਂ ਅਪੀਲ ਕਰਨ ਦਾ ਵੀ ਮਿਲੇਗਾ ਅਧਿਕਾਰ
ਏ. ਡੀ. ਜੀ. ਪੀ. ਨੇ ਦੱਸਿਆ ਕਿ ਜੇਕਰ ਸ਼ਿਕਾਇਤਕਰਤਾ ਨੂੰ ਕਿਸੇ ਕਾਰਨ ਇਨਸਾਫ਼ ਨਹੀਂ ਮਿਲਦਾ ਜਾਂ ਕਿਸੇ ਕਾਰਨ ਸ਼ਿਕਾਇਤਕਰਤਾ ਦੀ ਸ਼ਿਕਾਇਤ ਪੁਲਸ ਜਾਂਚ ’ਚ ਫਾਈਲ ਕਰ ਦਿੱਤੀ ਜਾਂਦੀ ਹੈ ਪਰ ਦੂਜੀ ਧਿਰ ਕੋਲ ਸ਼ਿਕਾਇਤਕਰਤਾ ਕੋਲ ਸਾਰੇ ਸਬੂਤ ਹਨ ਤਾਂ ਉਕਤ ਸ਼ਿਕਾਇਤਕਰਤਾ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਹ ਉਸੇ ਸਾਈਟ ’ਤੇ ਜਾ ਕੇ ਸਾਰੇ ਸਬੂਤ ਅਪਲੋਡ ਕਰਨ ਦੇ ਨਾਲ ਹੀ ਅਪੀਲ ਵੀ ਕਰ ਸਕਦਾ ਹੈ, ਜਿਸ ਤੋਂ ਬਾਅਦ ਮਾਮਲੇ ਨੂੰ ਗੰਭੀਰਤਾ ਨਾਲ ਦੇਖਿਆ ਜਾਵੇਗਾ ਕਿ ਆਖਿਰਕਾਰ ਸਾਰੇ ਸਬੂਤ ਹੋਣ ਦੇ ਬਾਅਦ ਵੀ ਸ਼ਿਕਾਇਤਕਰਤਾ ਨੂੰ ਇਨਸਾਫ ਕਿਉਂ ਨਹੀਂ ਮਿਲਿਆ।

ਪੰਜਾਬ ਪੁਲਸ ਦੇ 29 ਮੁਲਾਜ਼ਮਾਂ ਦੀ ਵਿਭਾਗ ਜਾਂਚ ਤੇ 34 ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
ਫਾਰੂਕੀ ਨੇ ਦੱਸਿਆ ਕਿ ਆਨਲਾਈਨ ਸ਼ਿਕਾਇਤ ਆਉਣ ’ਤੇ ਉਸ ਦੀ ਰਿਪੋਰਟ 30 ਤੋਂ 45 ਦਿਨਾਂ ਅੰਦਰ ਤਿਆਰ ਕਰਨੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਨਾਲ ਹੀ ਇਨਵੈਸਟੀਗੇਸ਼ਨ ਆਫਿਸਰ ਨੂੰ ਪੂਰੀ ਰਿਪੋਰਟ ਬਣਾ ਕੇ ਉਕਤ ਸਾਈਟ ’ਤੇ ਅਪਲੋਡ ਵੀ ਕਰਨੀ ਹੁੰਦੀ ਹੈ। ਪਿਛਲੇ ਕੁਝ ਸਮੇਂ ਦੌਰਾਨ ਡਿਊਟੀ ’ਚ ਲਾਪ੍ਰਵਾਹੀ ਵਰਤਣ ਵਾਲੇ ਪੰਜਾਬ ਪੁਲਸ ਦੇ 29 ਮੁਲਾਜ਼ਮਾਂ ਦੀ ਿਵਭਾਗੀ ਜਾਂਚ ਤੇ 34 ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਸਾਫ਼ ਕਿਹਾ ਕਿ ਵਧੀਆ ਕਾਰਗੁਜ਼ਾਰੀ ਵਾਲੇ ਮੁਲਾਜ਼ਮਾਂ ਨੂੰ ਸ਼ਲਾਘਾ-ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ, ਜਦਕਿ ਢਿੱਲੀ ਕਾਰਗੁਜ਼ਾਰੀ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ, ਭਾਵੇਂ ਉਹ ਕੋਈ ਵੀ ਕਿਉਂ ਨਾ ਹੋਵੇ।

3 ਲੱਖ 45 ਹਜ਼ਾਰ ਲੋਕਾਂ ਦੀਆਂ ਪੁਲਸ ਕੋਲ ਆਈਆਂ ਸ਼ਿਕਾਇਤਾਂ
ਏ. ਡੀ. ਜੀ. ਪੀ. ਫਾਰੂਕੀ ਨੇ ਦੱਸਿਆ ਕਿ ਪਿਛਲੇ ਲੱਗਭਗ ਇਕ ਸਾਲ ਦੌਰਾਨ ਪੰਜਾਬ ਪੁਲਸ ਕੋਲ ਸੂਬੇ ਭਰ ’ਚ 3 ਲੱਖ 45 ਹਜ਼ਾਰ 875 ਸ਼ਿਕਾਇਤਾਂ ਆਈਆਂ, ਜਿਨ੍ਹਾਂ ’ਚੋਂ ਆਨਲਾਈਨ ਤੋਂ ਇਲਾਵਾ ਪੁਲਸ ਹੈੱਡਕੁਆਰਟਰ ਚੰਡੀਗੜ੍ਹ, ਪੁਲਸ ਕਮਿਸ਼ਨਰ ਦਫ਼ਤਰਾਂ, ਐੱਸ. ਐੱਸ. ਪੀ. ਦਫ਼ਤਰਾਂ ਤੋਂ ਸ਼ਿਕਾਇਤਾਂ ਮਿਲੀਆਂ। ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਾਂ ’ਚੋਂ 3 ਲੱਖ 2 ਹਜ਼ਾਰ 143 ਸ਼ਿਕਾਇਤਾਂ ਦਾ ਸੂਬੇ ਭਰ ’ਚ ਹੱਲ ਕਰ ਕੇ ਲੋਕਾਂ ਨੂੰ ਇਨਸਾਫ਼ ਦਿਵਾਇਆ ਗਿਆ। ਉਨ੍ਹਾਂ ਦੱਸਿਆ ਕਿ ਹੋਰ ਪੈਂਡਿੰਗ ਸ਼ਿਕਾਇਤਾਂ ਦੀ ਵੀ ਪੁਲਸ ਵਿਭਾਗ ਗੰਭੀਰਤਾ ਨਾਲ ਜਾਂਚ ਕਰ ਰਿਹਾ ਹੈ। ਉਨ੍ਹਾਂ ਸੂਬੇ ਭਰ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਸਹੂਲਤ ਦਾ ਲਾਭ ਉਠਾਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ- ਭੈਣ ਨਾਲ ਰਿਲੇਸ਼ਨ 'ਚ ਰਹਿ ਰਹੇ ਦੋਸਤ ਦਾ ਬੇਰਹਿਮੀ ਨਾਲ ਕਤਲ, ਦੋਸ਼ੀ ਬੋਲਿਆ, 'ਯਾਰੀ 'ਚ ਗੱਦਾਰੀ ਦਾ ਸਬਕ'

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News