ਪੰਜਾਬ ''ਚ LPG ਗੈਸ ਸਿਲੰਡਰ ਵਰਤਣ ਵਾਲਿਆਂ ਲਈ ਵੱਡੀ ਖ਼ਬਰ, ਨਵੀਂ ਨੋਟੀਫਿਕੇਸ਼ਨ ਹੋਈ ਜਾਰੀ
Thursday, Nov 27, 2025 - 10:14 AM (IST)
ਲੁਧਿਆਣਾ (ਖੁਰਾਣਾ) : ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵਲੋਂ ਘਰੇਲੂ ਗੈਸ ਸਿਲੰਡਰ ਦੀ ਕਾਲਾਬਾਜ਼ਾਰੀ ਅਤੇ ਦੁਰਵਰਤੋਂ ਖ਼ਿਲਾਫ਼ ਨਕੇਲ ਕੱਸਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਖ਼ਪਤਕਾਰਾਂ ਨੂੰ ਉਨ੍ਹਾਂ ਵਲੋਂ ਸਬੰਧਿਤ ਗੈਸ ਏਜੰਸੀ ਦਫਤਰ ’ਚ ਰਜਿਸਟਰਡ ਕਰਵਾਏ ਗਏ ਮੋਬਾਇਲ ਨੰਬਰ ’ਤੇ ਪ੍ਰਾਪਤ ਹੋਣ ਵਾਲੇ ਓ. ਟੀ. ਪੀ. (ਡੀ. ਏ. ਸੀ.) ਕੋਡ ਦੇਣ ਤੋਂ ਬਾਅਦ ਹੀ ਗੈਸ ਸਿਲੰਡਰ ਦੀ ਸਪਲਾਈ ਮਿਲ ਸਕੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨਾਲ ਜੁੜੀ ਵੱਡੀ ਖ਼ਬਰ, ਪਾਵਰਕਾਮ ਨੇ ਜਾਰੀ ਕੀਤੇ ਸਖ਼ਤ ਹੁਕਮ
ਭਾਰਤ ਦੀ ਪ੍ਰਮੁੱਖ ਇੰਡੇਨ ਗੈਸ ਕੰਪਨੀ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨਾਲ ਕਮਰਸ਼ੀਅਲ ਸਥਾਨ ’ਤੇ ਘਰੇਲੂ ਗੈਸ ਸਿਲੰਡਰ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਅਤੇ ਗੈਸ ਦੀ ਪਲਟੀ, ਕਾਲਾਬਾਜ਼ਾਰੀ ਕਰਨ ਵਾਲੇ ਗੈਸ-ਮਾਫੀਆ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ, ਨਾਲ ਹੀ ਘਰਾਂ ’ਚ ਇਕੱਠੇ ਚੱਲਣ ਵਾਲੇ ਮਲਟੀਪਰਪਜ਼ ਗੈਸ ਕੁਨੈਕਸ਼ਨਾਂ ਦਾ ਪਤਾ ਵੀ ਲੱਗ ਸਕੇਗਾ। ਇੱਥੇ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਇਕ ਪਾਸੇ ਜਿੱਥੇ ਦੇਸ਼ ਭਰ 'ਚ ਘਰੇਲੂ ਗੈਸ ਸਿਲੰਡਰ ਦਾ ਹੋਟਲਾਂ, ਮੈਰਿਜ ਪੈਲੇਸਾਂ, ਰੈਸਟੋਰੈਂਟ, ਖਾਣ-ਪੀਣ ਦੇ ਸਮਾਨ ਦੀਆਂ ਰੇਹੜੀਆਂ ਆਦਿ ’ਤੇ ਘਰੇਲੂ ਗੈਸ ਸਿਲੰਡਰ ਦੀ ਵੱਡੇ ਪੱਧਰ ’ਤੇ ਦੁਰਵਰਤੋਂ ਹੋ ਰਹੀ ਹੈ, ਉੱਥੇ ਕਾਲਾ ਬਾਜ਼ਾਰੀਆਂ ਵਲੋਂ ਗੈਸ ਦੀ ਪਲਟੀ ਮਾਰਨ ਦਾ ਖ਼ਤਰਨਾਕ ਕਾਰੋਬਾਰ ਕੀਤਾ ਜਾ ਰਿਹਾ ਹੈ, ਜਿਸ ਵਿਚ ਆਏ ਦਿਨ ਹੋ ਰਹੇ ਜਾਨਲੇਵਾ ਹਾਦਸਿਆਂ ’ਚ ਕਈ ਮਨੁੱਖੀ ਜਾਨਾਂ ਮੌਤ ਦੀ ਭੇਟ ਚੜ੍ਹ ਰਹੀਆਂ ਹਨ।
ਗੈਸ ਕੰਪਨੀਆਂ ਦੇ ਅੰਕੜਿਆਂ ਮੁਤਾਬਕ ਜ਼ਿਆਦਾਤਰ ਪਰਿਵਾਰਾਂ ਵਲੋਂ ਇਕ ਹੀ ਘਰ ਵਿਚ ਦਰਜਨਾਂ ਗੈਸ ਕੁਨੈਕਸ਼ਨ ਚਲਾਏ ਜਾ ਰਹੇ ਹਨ, ਜਿਸ ਕਾਰਨ ਕੇਂਦਰ ਸਰਕਾਰ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ, ਕਿਉਂਕਿ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵਲੋਂ ਹਰ ਖ਼ਪਤਕਾਰ ਨੂੰ ਸਬਸਿਡੀ ਰਾਸ਼ੀ ਦਿੱਤੀ ਜਾ ਰਹੀ ਹੈ। ਅਜਿਹੇ ਵਿਚ ਸਰਕਾਰ ਵਲੋਂ ਇਹ ਯਤਨ ਕੀਤਾ ਜਾ ਰਿਹਾ ਹੈ ਕਿ ਬਿਨਾਂ ਓ. ਟੀ. ਪੀ. ਦੇ ਗੈਸ ਕੁਨੈਕਸ਼ਨ ਨਾ ਦੇ ਕੇ ਮਲਟੀਪਲ ਗੈਸ ਕੁਨੈਕਸ਼ਨ ਨੂੰ ਰੱਦ ਕੀਤਾ ਜਾ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
