ਥਾਂ-ਥਾਂ ’ਤੇ ਮਿਲਦਾ ਹੈ ਨਸ਼ਾ, ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਰੋ-ਰੋ ਕੇ ਨੌਜਵਾਨ ਨੇ ਬਿਆਨ ਕੀਤਾ ਦੁੱਖ
Monday, Jul 25, 2022 - 04:54 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਪੰਜਾਬ ਅੰਦਰ ਚੱਲ ਰਹੀ ‘ਆਪ’ ਦੀ ਸਰਕਾਰ ਨੇ ਚੋਣਾਂ ਵੇਲੇ ਲੋਕਾਂ ਨਾਲ ਇਹ ਵਾਅਦੇ ਕੀਤੇ ਸਨ ਕਿ ਸਾਡੀ ਸਰਕਾਰ ਬਣਨ ’ਤੇ ਪੰਜਾਬ ਅੰਦਰੋਂ ਨਸ਼ਾ ਖ਼ਤਮ ਕਰ ਕੇ ਪੰਜਾਬ ਨੂੰ ਨਸ਼ਾਮੁਕਤ ਕੀਤਾ ਜਾਏਗਾ। ਇਸ ਦੇ ਉਲਟ ਇਲਾਕੇ ਅੰਦਰ ਨਸ਼ਾ ਘਟਣ ਦੀ ਬਜਾਏ ਵੱਧਦਾ ਜਾ ਰਿਹਾ ਹੈ। ਹਲਕੇ ਤੋਂ ਵਿਧਾਇਕ ਫੌਜਾ ਸਿੰਘ ਸਰਾਰੀ ਜੋ ਕਿ ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਹਨ ਦੇ ਇਲਾਕੇ ਵਿਚ ਨਸ਼ਾ ਕਰਨ ਵਾਲੇ ਨੌਜਵਾਨ ਦੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਨੌਜਵਾਨ ਜੋ ਕਿ ਛੋਟੀ ਉਮਰ ਦਾ ਲੱਗ ਰਿਹਾ ਹੈ ਹੱਥ ਜੋੜ ਕੇ ਇਹ ਬੇਨਤੀ ਕਰ ਰਿਹਾ ਹੈ ਕਿ ਸਾਨੂੰ ਬਚਾਓ ਮੈਂ ਚਿੱਟੇ ਦਾ ਨਸ਼ਾ ਕਰਦਾ ਹਾਂ ਰੋਜ਼ ਟੀਕੇ ਲਗਾ ਲਗਾ ਕੇ ਕਲਪਿਆ ਪਿਆ ਹਾ।
ਨੌਜਵਾਨ ਨੇ ਆਪਣੀ ਜੇਬ ਵਿਚੋਂ ਸਰਿੰਜ ਵੀ ਕੱਢੀ ਜਿਸ ’ਚ ਚਿੱਟੇ ਦਾ ਟੀਕਾ ਭਰ ਕੇ ਲਾਉਂਦਾ ਤੇ ਨਸ਼ਾ ਕਰਨ ਵਾਸਤੇ ਚੋਰੀਆਂ ਵੀ ਕਰਦਾ ਹਾਂ। ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਨਸ਼ਾ ਕਰਨ ਲਈ ਆਪਣੇ ਘਰ ਦਾ ਸਾਰਾ ਸਾਮਾਨ ਵੀ ਵੇਚ ਦਿੱਤਾ ਹੈ। ਪੀੜਤ ਨੌਜਵਾਨ ਹੱਥ ਜੋੜ ਕੇ ਇਹ ਅਪੀਲ ਕਰ ਰਿਹਾ ਹੈ ਕਿ ਮੇਰੀ ਜ਼ਿੰਦਗੀ ਬਚਾਓ ਨਸ਼ਾ ਕਰਨ ਲਈ ਹਰ ਰੋਜ਼ ਚੋਰੀ ਕਰਨੀ ਪੈਂਦੀ ਹੈ ਤੇ ਚੋਰੀ ਕਰਦੇ ਫੜੇ ਜਾਣ ਤੇ ਲੋਕਾਂ ਵੱਲੋਂ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ ਕੁੱਟ ਖਾ-ਖਾ ਕੇ ਸਾਰਾ ਸਰੀਰ ਵਿੰਨ੍ਹਿਆ ਪਿਆ ਹੈ।
ਉਸ ਨੇ ਰੋਂਦੇ ਹੋਏ ਕਿਹਾ ਕਿ ਇਲਾਕੇ ’ਚ ਥਾਂ-ਥਾਂ ’ਤੇ ਨਸ਼ਾ ਵਿੱਕ ਰਿਹਾ ਹੈ। ਇਲਾਕੇ ’ਚੋਂ ਨਸ਼ਾ ਬੰਦ ਕਰਵਾਓ ਤਾਂ ਹੀ ਉਹ ਲੋਕ ਬਚ ਸਕਣਗੇ ਜੋ ਨਸ਼ਾ ਕਰਦੇ ਹਨ ਤੇ ਇਲਾਕੇ ਵਿੱਚੋਂ ਨਸ਼ਾ ਬੰਦ ਹੋ ਗਿਆ ਤਾਂ ਚੋਰੀਆਂ ਆਪਣੇ ਆਪ ਬੰਦ ਹੋ ਜਾਣਗੀਆਂ। ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਪਿਛਲੇ ਕਈ ਦਿਨਾਂ ਤੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿਚ ਕਈ ਨਸ਼ਾ ਵੇਚਣ ਵਾਲੇ ਸੌਦਾਗਰ ਫੜੇ ਹਨ ਪਰ ਫਿਰ ਵੀ ਕੈਬਨਿਟ ਮੰਤਰੀ ਦੇ ਇਲਾਕੇ ਵਿਚ ਨਸ਼ਾ ਕਿੱਥੋਂ ਆ ਰਿਹਾ ਹੈ ਅਤੇ ਇਸ ਨੂੰ ਕੌਣ ਵੇਚ ਰਿਹਾ ਹੈ? ਇਹ ਵੱਡਾ ਸਵਾਲ ਹੈ।