ਕੈਂਟਰ ਹੇਠਾਂ ਆਉਣ ਨਾਲ ਐਕਟਿਵਾ ਚਾਲਕ ਔਰਤ ਦੀ ਮੌਕੇ 'ਤੇ ਮੌਤ
Friday, Mar 05, 2021 - 01:28 AM (IST)

ਮਾਹਿਲਪੁਰ, (ਜਸਵੀਰ)- ਮਾਹਿਲਪੁਰ-ਹੁਸ਼ਿਆਰਪੁਰ ਰੋਡ ’ਤੇ ਅੱਜ ਦੁਪਹਿਰ 12 ਕੁ ਵਜੇ ਸ਼ਹਿਰ ਵਿਚ ਦਾਖਲ ਹੁੰਦਿਆਂ ਇਕ ਐਕਟਿਵਾ ਚਾਲਕ ਔਰਤ ਦੀ ਕੈਂਟਰ ਹੇਠ ਆਉਣ ਕਾਰਣ ਮੌਕੇ ’ਤੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਜਿੰਦਰ ਕੌਰ (55) ਪਤਨੀ ਚਰਨਜੀਤ ਸਿੰਘ ਵਾਸੀ ਬਾਹੋਵਾਲ ਐਕਟਿਵਾ (ਪੀ. ਬੀ. 07 ਬੀ.ਕੇ. 8603) ’ਤੇ ਆਪਣੇ ਪਿੰਡ ਬਾਹੋਵਾਲ ਤੋਂ ਪਿੰਡ ਡੰਡੇਵਾਲ ਵਿਖੇ ਲੱਗੇ ਖੇਤੀਬਾੜੀ ਕੈਂਪ ’ਚ ਮੁਲਾਜ਼ਮਾਂ ਲਈ ਖਾਣੇ ਦਾ ਪ੍ਰਬੰਧ ਕਰਨ ਜਾ ਰਹੀ ਸੀ। ਜਿਸ ਦੌਰਾਨ ਕੈਂਟਰ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।
ਰਾਹਗੀਰਾਂ ਦੇ ਦੱਸਣ ਮੁਤਾਬਕ ਕੋਈ ਬਾਰਾਂ ਕੁ ਵਜੇ ਹਰਜਿੰਦਰ ਕੌਰ ਹੁਸ਼ਿਆਰਪੁਰ ਤੋਂ ਮਾਹਿਲਪੁਰ ਵੱਲ ਆ ਰਹੀ ਸੀ ਕਿ, ਪਿਛਿਓਂ ਆ ਰਹੇ ਕੈਂਟਰ ਨੇ ਜ਼ੋਰਦਾਰ ਟੱਕਰ ਮਾਰੀ। ਜਿਸ ਕਾਰਣ ਹਰਜਿੰਦਰ ਕੌਰ ਦੀ ਕੈਂਟਰ ਹੇਠਾਂ ਆਉਣ ਕਰ ਕੇ ਮੌਕੇ ’ਤੇ ਹੀ ਮੌਤ ਹੋ ਗਈ। ਜਦ ਕਿ ਚਾਲਕ ਕੈਂਟਰ ਸਮੇਤ ਮੌਕੇ ’ਤੇ ਫਰਾਰ ਹੋ ਗਿਆ। ਥਾਣਾ ਮਾਹਿਲਪੁਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।