ਨਾਬਾਲਿਗ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ''ਚ ਦੋਸ਼ੀ ਪੁਲਸ ਰਿਮਾਂਡ ''ਤੇ
Sunday, Nov 19, 2017 - 02:39 AM (IST)

ਖਰੜ, (ਸ. ਹ., ਰਣਬੀਰ, ਅਮਰਦੀਪ)- ਪਿੰਡ ਸਹੌੜਾ ਵਿਖੇ ਇਕ ਨਾਬਾਲਿਗ ਲੜਕੀ ਨੂੰ ਅਗਵਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਦੋਸ਼ੀ ਨਾਨਕੀ ਨੂੰ ਅੱਜ ਖਰੜ ਦੀ ਅਦਾਲਤ ਵਲੋਂ 1 ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਕੇਸ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਦੋਸ਼ੀ ਦਾ ਭਰਾ ਹਰੀ ਸਿੰਘ ਪਿੰਡ ਸਹੌੜਾ ਤੋਂ ਇਕ ਨਬਾਲਿਗ ਲੜਕੀ ਨੂੰ 15 ਮਈ 2017 ਨੂੰ ਅਗਵਾ ਕਰਕੇ ਲੈ ਗਿਆ ਸੀ ਤੇ ਲੜਕੀ ਨੂੰ ਅਗਵਾ ਕਰਨ ਵਿਚ ਨਾਨਕੀ ਦਾ ਵੀ ਹੱਥ ਹੈ। ਇਹ ਦੋਵੇਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਅਸਲ ਦੋਸ਼ੀ ਹਾਲੇ ਪੁਲਸ ਦੇ ਹੱਥ ਨਹੀਂ ਆਇਆ ਹੈ ਪਰ ਅੱਜ ਪੁਲਸ ਨੇ ਇਸ ਦੋਸ਼ੀ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ। ਅਦਾਲਤ ਵਿਚ ਉਸ ਦਾ ਰਿਮਾਂਡ ਮੰਗਦੇ ਹੋਏ ਸਰਕਾਰੀ ਪੱਖ ਨੇ ਕਿਹਾ ਕਿ ਦੋਸ਼ੀ ਤੋਂ ਇਸ ਗੱਲ ਦੀ ਜਾਣਕਾਰੀ ਪ੍ਰਾਪਤ ਕਰਨੀ ਹੈ ਕਿ ਉਹ ਅਤੇ ਉਸ ਦਾ ਭਰਾ ਇਸ ਲੜਕੀ ਨੂੰ ਅਗਵਾ ਕਰਕੇ ਕਿਥੇ ਲੈ ਗਿਆ ਸੀ।