ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਠੱਗਣ ਦੇ ਦੋਸ਼ ’ਚ 7 ਖਿਲਾਫ਼ ਮਾਮਲੇ ਦਰਜ

Sunday, Jun 10, 2018 - 02:56 AM (IST)

ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਠੱਗਣ ਦੇ ਦੋਸ਼ ’ਚ 7 ਖਿਲਾਫ਼ ਮਾਮਲੇ ਦਰਜ

ਟਾਂਡਾ  ਉਡ਼ਮੁਡ਼, (ਪੰਡਿਤ)- ਪਿੰਡ ਡੁਮਾਣਾ ਨਾਲ ਸਬੰਧਤ ਇਕ ਪਰਿਵਾਰ ਨੂੰ ਵਿਦੇਸ਼ (ਕੈਨੇਡਾ) ਭੇਜਣ ਦਾ ਝਾਂਸਾ ਦੇ ਕੇ 16.30 ਲੱਖ ਠੱਗਣ ਦੇ ਦੋਸ਼ ਵਿਚ 5 ਵਿਅਕਤੀਆਂ ਖਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। 
ਪੁਲਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਜਸਪਾਲ ਸਿੰਘ ਪੁੱਤਰ ਅਮਰੀਕ ਸਿੰਘ ਦੇ ਬਿਆਨ ਦੇ ਅਾਧਾਰ ’ਤੇ ਬਲਬੀਰ ਕੌਰ ਪਤਨੀ ਮਨਜੀਤ ਸਿੰਘ ਨਿਵਾਸੀ ਡੁਮਾਣਾ, ਸਚਿਨ ਕੁਮਾਰ ਪੁੱਤਰ ਤਰਸੇਮ ਲਾਲ ਨਿਵਾਸੀ ਸੁੰਦਰ ਨਗਰ ਅੰਬਾਲਾ ਕੈਂਟ, ਪੂਜਾ ਪਤਨੀ ਸਚਿਨ ਕੁਮਾਰ, ਆਰੀਅਨ ਸੈਣੀ, ਅੰਜਲੀ ਪਹੂਜਾ ਨਿਵਾਸੀ ਜੈਂਤੀਪੁਰ ਉਤਰਾਈ, ਗੋਰਖਪੁਰ (ਯੂ. ਪੀ.) ਖਿਲਾਫ਼ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ  ਬਿਆਨ ਵਿਚ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਉਕਤ ਟਰੈਵਲ ਏਜੰਟਾਂ ਦੇ ਝਾਂਸੇ ’ਚ ਆ ਕੇ ਆਪਣੀ ਪਤਨੀ ਬਲਜੀਤ ਕੌਰ ਅਤੇ ਤਿੰਨ ਸਾਲ ਦੀ ਬੇਟੀ ਸਿਮਰਜੀਤ ਕੌਰ ਨੂੰ ਕੈਨੇਡਾ ਭੇਜਣ ਲਈ 30 ਲੱਖ ਵਿਚ ਸੌਦਾ ਤੈਅ ਕੀਤਾ ਸੀ। ਉਕਤ ਲੋਕਾਂ ਨੇ ਉਸ ਕੋਲੋਂ ਦਸੰਬਰ 2017 ਵਿਚ 16.30  ਲੱਖ ਰੁਪਏ ਲੈਣ ਦੇ ਬਾਵਜ਼ੂਦ ਕੈਨੇਡਾ ਨਹੀਂ ਭੇਜਿਆ। ਉਨ੍ਹਾਂ ਦੀ ਠੱਗੀ ਕਰ ਕੇ ਉਨ੍ਹਾਂ ਨੂੰ ਮੁੰਬਈ ਤੋਂ ਵਾਪਸ ਮੁਡ਼ਨਾ ਪਿਆ। 
 ਬਾਅਦ ਵਿਚ ਆਪਣੇ ਨਾਲ ਹੋਏ ਧੋਖੇ  ਬਾਰੇ ਕਿਸੇ ਨੂੰ ਨਾ ਦੱਸਣ ਲਈ ਉਕਤ ਦੋਸ਼ੀ ਉਸ ਨੂੰ ਧਮਕਾਉਂਦੇ ਵੀ ਰਹੇ। ਪੁਲਸ ਨੇ ਹੁਣ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੁਸ਼ਿਆਰਪੁਰ, (ਅਮਰਿੰਦਰ)-ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 7 ਲੱਖ 50 ਹਜ਼ਾਰ ਰੁਪਏ ਠੱਗਣ ਦੇ ਦੋਸ਼ ’ਚ 2 ਵਿਅਕਤੀਆਂ ਸ਼ਿਵ ਕੁਮਾਰ ਅਤੇ ਪ੍ਰਿਅੰਕਾ ਖਿਲਾਫ਼ ਧਾਰਾ 406 ਤੇ 420 ਤਹਿਤ ਮਾਮਲਾ ਦਰਜ ਕੀਤਾ ਹੈ। 
ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਪਿੰਡ ਲੁੱਦਾਂ ਦੇ ਰਹਿਣ ਵਾਲੇ ਬਲਦੇਵ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਉਸ ਕੋਲੋਂ 7.5 ਲੱਖ ਰੁਪਏ ਲੈ ਲਏ ਪਰ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।


Related News