ਭੋਗਪੁਰ ''ਚ ਵੱਡੀ ਹੇਰਾਫੇਰੀ: 12 ਨੌਜਵਾਨਾਂ ਨੂੰ ਕੁਵੈਤ ਭੇਜਣ ਦਾ ਲਾਲਚ ਦੇ ਕੇ ਏਜੰਟ ਨੇ ਮਾਰੀ 2.64 ਲੱਖ ਦੀ ਠੱਗੀ

Wednesday, May 27, 2026 - 03:28 AM (IST)

ਭੋਗਪੁਰ ''ਚ ਵੱਡੀ ਹੇਰਾਫੇਰੀ: 12 ਨੌਜਵਾਨਾਂ ਨੂੰ ਕੁਵੈਤ ਭੇਜਣ ਦਾ ਲਾਲਚ ਦੇ ਕੇ ਏਜੰਟ ਨੇ ਮਾਰੀ 2.64 ਲੱਖ ਦੀ ਠੱਗੀ

ਭੋਗਪੁਰ (ਸੂਰੀ) : ਥਾਣਾ ਭੋਗਪੁਰ ਪੁਲਸ ਵੱਲੋਂ ਇਕ ਵਿਅਕਤੀ ਦੀ ਸ਼ਿਕਾਇਤ ਹੇਠ ਇਕ ਏਜੰਟ ਖਿਲਾਫ 12 ਆਦਮੀਆਂ ਨੂੰ ਕੁਵੈਤ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ਾਂ ਹੇਠ ਏਜੰਟ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਦੇਵ ਰਾਜ ਪੁੱਤਰ ਹਰੀ ਰਾਮ ਵਾਸੀ ਪਿੰਡ ਪਚੁਰੰਗਾ ਨੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਵਿਚ ਉਸ ਨੇ ਦੋਸ਼ ਲਾਏ ਸਨ ਕਿ ਉਸ ਨੇ ਫਾਸਟਰੈਕ ਇਮੀਗਰੇਸ਼ਨ ਲਿਮਿਟਡ ਭੋਗਪੁਰ ਦੀ ਇਕ ਐਡ ਦੇਖੀ ਸੀ, ਜਿਸ ਦੌਰਾਨ ਉਸ ਨੇ ਇਮੀਗ੍ਰੇਸ਼ਨ ਦੇ ਮਾਲਕ ਸੰਨੀ ਉਰਫ ਰਾਜਵੀਰ ਪੁੱਤਰ ਦਲਵਿੰਦਰ ਸਿੰਘ ਵਾਸੀ ਪਿੰਡ ਕਠਾਣਾ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਪਰਕ ਕੀਤਾ। ਉਸ ਨੇ ਸ਼ਿਕਾਇਤਕਰਤਾ ਨਾਲ ਕੁਵੈਤ ਵਿਚ ਭੇਜਣ ਦੀ ਗੱਲ ਤੈਅ ਕੀਤੀ।

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕੁਲ 12 ਬੰਦਿਆਂ ਨੂੰ ਕਵੈਤ ਭੇਜਣ ਦੀ ਗੱਲ ਏਜੰਟ ਨਾਲ ਕੀਤੀ ਸੀ, ਜਿਨ੍ਹਾਂ ਵਿਚ ਉਸ ਦਾ ਜਵਾਈ ਸਰਬਜੀਤ ਸਿੰਘ, ਉਸ ਦਾ ਭਰਾ ਗੌਰਵ, ਪਵਨ ਤੇ ਸ਼ਿਕਾਇਤਕਰਤਾ ਦੇ ਹੋਰ ਰਿਸ਼ਤੇਦਾਰ, ਜਿਨ੍ਹਾਂ ਵਿਚ ਗੁਰਪ੍ਰੀਤ, ਸੰਨੀ, ਰਸ਼ਪਾਲ, ਰਿੰਕੂ, ਬੱਕੀ, ਬਾਲ ਕਿਸ਼ਨ, ਗੁਰਪ੍ਰੀਤ, ਪਾਲਾ ਤੇ ਜੋਗਿੰਦਰ ਸ਼ਾਮਲ ਸਨ। ਸ਼ਿਕਾਇਤਕਰਤਾ ਨੇ ਪ੍ਰਤੀ ਵਿਅਕਤੀ 22,000 ਰੁਪਏ ਦੇ ਹਿਸਾਬ ਨਾਲ ਏਜੰਟ ਨੂੰ 2 ਲੱਖ 64 ਹਜ਼ਾਰ ਰੁਪਏ ਐਡਵਾਂਸ ਰਕਮ ਜਮ੍ਹਾ ਕਰਵਾਈ ਸੀ ਤੇ 12 ਵਿਅਕਤੀਆਂ ਦੇ ਪਾਸਪੋਰਟ ਵੀ ਦਿੱਤੇ ਸਨ।

ਇਹ ਵੀ ਪੜ੍ਹੋ : ਧਮਾਕਿਆਂ ਨਾਲ ਦਹਿਲਿਆ ਇਲਾਕਾ! PSPCL ਦੀ ਟਰਾਂਸਫਾਰਮਰ ਰਿਪੇਅਰ ਵਰਕਸ਼ਾਪ 'ਚ ਲੱਗੀ ਭਿਆਨਕ ਅੱਗ

ਕੁਝ ਦਿਨਾਂ ਬਾਅਦ ਏਜੰਟ ਨੇ ਪਾਸਪੋਰਟ ’ਤੇ ਵੀਜ਼ੇ ਲਵਾ ਦਿੱਤੇ ਤਾਂ ਅਸੀਂ ਵੀਜ਼ੇ ਜਦੋਂ ਚੈੱਕ ਕਰਵਾਏ ਤਾਂ ਵੀਜ਼ੇ ਜਾਅਲੀ ਪਾਏ ਗਏ ਤੇ ਸਾਡੀਆਂ ਪੰਜ ਵਿਅਕਤੀਆਂ ਦੀਆਂ ਟਿਕਟਾਂ ਵੀ ਜਾਅਲੀ ਦਿੱਤੀਆਂ ਗਈਆਂ ਸਨ। ਇਸ ਜਾਲਸਾਜ਼ੀ ਦਾ ਪਤਾ ਲੱਗਣ ਤੋਂ ਬਾਅਦ ਮੈਂ ਆਪਣੇ ਪਿੰਡ ਦੀ ਪੰਚਾਇਤ ਨਾਲ ਜਾ ਕੇ ਏਜੰਟ ਨਾਲ ਗੱਲ ਕੀਤੀ, ਉਸ ਨੇ ਪੈਸੇ ਵਾਪਸ ਕਰਨ ਦਾ ਵਿਸ਼ਵਾਸ ਦਿਵਾਇਆ ਤੇ ਜਾਲਸਾਜ਼ੀ ਤੋਂ ਬਾਅਦ ਸਾਨੂੰ ਪਾਸਪੋਰਟ ਅਤੇ ਪੂਰੀ ਰਕਮ ਦੇ 2 ਚੈੱਕ ਵਾਪਸ ਕੀਤੇ। ਜਦੋਂ ਸ਼ਿਕਾਇਤਕਰਤਾ ਵੱਲੋਂ ਇਹ ਦੋਨੋਂ ਚੈੱਕ ਬੈਂਕਾਂ ਵਿਚ ਲਾਏ ਗਏ ਤਾਂ ਦੋਨੋਂ ਚੈੱਕ ਫੇਲ ਹੋ ਗਏ। ਸ਼ਿਕਾਇਤਕਰਤਾ ਨੇ ਏਜੰਟ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਇਸ ਸ਼ਿਕਾਇਤ ਦੀ ਪੜਤਾਲ ਡੀ. ਐੱਸ. ਪੀ. ਸਬ ਡਵੀਜ਼ਨ ਆਦਮਪੁਰ ਨੂੰ ਭੇਜੀ ਗਈ ਸੀ, ਜਿਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ , ਜਿਸ ਵਿਚ ਪਾਇਆ ਗਿਆ ਕਿ ਮੁਲਜ਼ਮ ਨੇ ਸ਼ਿਕਾਇਤਕਰਤਾ ਨਾਲ ਜਾਣ-ਬੁੱਝ ਕੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰੀ ਹੈ। ਇਸ ’ਤੇ ਰਾਜਵੀਰ ਉਰਫ ਸੰਨੀ ਦੇ ਖਿਲਾਫ ਇਕ ਹੋਰ ਮੁਕੱਦਮਾ ਦਲਜੀਤ ਸਿੰਘ ਪੁੱਤਰ ਪ੍ਰੇਮ ਦਾਸ ਵਾਸੀ ਅਲੀਪੁਰ ਥਾਣਾ ਜਲੰਧਰ ਕੈਂਟ ਦੇ ਬਿਆਨਾਂ ਹੇਠ ਵੀ ਦਰਜ ਹੈ, ਜੋ ਕਿ ਜ਼ੇਰੇ ਤਫਤੀਸ਼ ਹੈ। ਥਾਣਾ ਭੋਗਪੁਰ ਪੁਲਸ ਵੱਲੋਂ ਏਜੰਟ ਰਾਜਵੀਰ ਉਰਫ ਸੰਨੀ ਪੁੱਤਰ ਦਵਿੰਦਰ ਸਿੰਘ ਵਾਸੀ ਕਠਾਣਾ ਦੇ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News