ਐਕਸੀਡੈਂਟ ''ਚ ਮਾਰੇ ਗਏ ਨੌਜਵਾਨ ਦਾ ਮੋਬਾਇਲ ਤੇ ਨਕਦੀ ਕੱਢਣ ਵਾਲਾ ਹੌਲਦਾਰ ਸਸਪੈਂਡ

05/09/2017 1:07:08 PM

ਸੁਲਤਾਨਪੁਰ ਲੋਧੀ (ਸੋਢੀ) : ਬਖਸ਼ੀਸ਼ ਸਿੰਘ ਪੁੱਤਰ ਬਚਨ ਸਿੰਘ ਨਿਵਾਸੀ ਪਿੰਡ ਹੈਬਤਪੁਰ ਦੀ ਸ਼ਿਕਾਇਤ ''ਤੇ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ ਵਲੋਂ ਭੇਜੀ ਗਈ ਮੁਢਲੀ ਪੜਤਾਲ ਰਿਪੋਰਟ ''ਤੇ ਸਹਿਮਤੀ ਪ੍ਰਗਟ ਕਰਦੇ ਹੋਏ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਸੰਦੀਪ ਸ਼ਰਮਾ ਨੇ ਪੁਲਸ ਵਿਭਾਗ ਦੇ ਹੌਲਦਾਰ ਗੁਰਮੇਜ ਸਿੰਘ (ਬੈਲਟ ਨੰਬਰ 625 ਕਪੂਰਥਲਾ) ਨੂੰ ਸਸਪੈਂਡ ਕਰ ਕੇ ਪੁਲਸ ਲਾਈਨ ਭੇਜਣ ਦਾ ਹੁਕਮ ਦਿੱਤਾ ਹੈ। ਇਸ ਖਬਰ ਦੀ ਪੁਸ਼ਟੀ ਸੰਦੀਪ ਸ਼ਰਮਾ ਨੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਦੌਰਾਨ ਕੀਤੀ। ਉਨ੍ਹਾਂ ਦੱਸਿਆ ਕਿ ਹੈੱਡ ਕਾਂਸਟੇਬਲ ਗੁਰਮੇਜ ਸਿੰਘ ਨੂੰ ਸਸਪੈਂਡ ਕਰਨ ਉਪਰੰਤ ਉਸ ਖਿਲਾਫ ਪੁਲਸ ਵਿਭਾਗ ਦੀ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਕੀ ਹੈ ਦੋਸ਼  
ਹੈੱਡ ਕਾਂਸਟੇਬਲ ਗੁਰਮੇਜ ਸਿੰਘ (625) ਖਿਲਾਫ ਬਖਸ਼ੀਸ਼ ਸਿੰਘ ਨੇ ਇਹ ਦੋਸ਼ ਲਾਇਆ ਹੈ ਕਿ ਉਸਨੇ ਮੇਰੇ ਭਤੀਜੇ ਮਰਹੂਮ ਨੌਜਵਾਨ ਰਮਨਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਹੈਬਤਪੁਰ ਦਾ ਐਕਸੀਡੈਂਟ ਹੋਣ ਉਪਰੰਤ ਉਸਦਾ ਕੀਮਤੀ ਮੋਬਾਇਲ ਤੇ ਨਕਦੀ ਆਦਿ ਜੇਬਾਂ ''ਚੋਂ ਤਲਾਸ਼ੀ ਲੈ ਕੇ ਕੱਢ ਲਏ ਸੀ। ਰਮਨਪ੍ਰੀਤ ਸਿੰਘ ਦੀ 13 ਅਗਸਤ 2016 ਨੂੰ ਮੋਠਾਂਵਾਲਾ ਤੋਂ ਕੁਲਾਰਾਂ ਰੋਡ ''ਤੇ ਇਕ ਟਿੱਪਰ ਟਰਾਲੇ ਨਾਲ ਐਕਸੀਡੈਂਟ ਹੋਣ ''ਤੇ ਮੌਤ ਹੋ ਗਈ ਸੀ।
ਰਮਨਪ੍ਰੀਤ ਸਿੰਘ ਮੌਤ ਹੋਣ ਦੇ ਬਾਅਦ ਵੀ ਉਕਤ ਹੌਲਦਾਰ ਉਸਦਾ ਮੋਬਾਇਲ ਨੰਬਰ 98720-49641 ਤੇ ਮੋਬਾਇਲ ਆਪਣੇ ਕੋਲ ਹੀ ਘਰ ''ਚ ਰੱਖ ਕੇ ਚਲਾਉਂਦਾ ਰਿਹਾ। ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਹੁਣ ਬੀਤੇ ਦਿਨੀਂ ਮਿਤੀ 29 ਮਾਰਚ 2017 ਨੂੰ ਜਦੋਂ ਉਨ੍ਹਾਂ ਦੇ ਪਰਿਵਾਰ ਵਲੋਂ ਆਪਣੇ ਮ੍ਰਿਤਕ ਬੇਟੇ ਰਮਨਪ੍ਰੀਤ ਦੇ ਮੋਬਾਇਲ ਨੰਬਰ ''ਤੇ ਫੋਨ ਕੀਤਾ ਤਾਂ ਅੱਗਿਓਂ ਉਨ੍ਹਾਂ ਦੀ ਕਿਸੇ ਵਿਅਕਤੀ ਨਾਲ ਗੱਲ ਹੋਈ, ਜਿਸ ਨੂੰ ਪੁੱਛਣ ''ਤੇ ਉਸਨੇ ਕਿਹਾ ਕਿ ਉਹ ਮੋਰਿੰਡੇ ਤੋਂ ਬੋਲ ਰਿਹਾ ਹੈ ਤੇ ਫੋਨ ਕੱਟ ਦਿੱਤਾ, ਉਸ ਤੋਂ ਬਾਅਦ ਇਕ ਹੋਰ ਮੋਬਾਇਲ ਨੰਬਰ ਤੋਂ ਉਨ੍ਹਾਂ ਨੂੰ ਵਾਪਸ ਫੋਨ ਆਇਆ ਤੇ ਪੁੱਛਿਆ ਕਿ ਕਿੱਥੋਂ ਬੋਲ ਰਹੇ ਹੋ ਤੇ ਇਹ ਕਹਿ ਕੇ ਕੱਟ ਦਿੱਤਾ ਕਿ ਮੈਂ ਤਾਂ ਮੋਰਿੰਡੇ ਲਗਾਇਆ ਸੀ। ਜਦੋਂ ਸਾਡੇ ਫੋਨ ''ਤੇ ਕਾਲ ਕਰਨ ਵਾਲੇ ਨੰਬਰ ਦੀ ਜਾਂਚ ਕਰਵਾਈ ਤਾਂ ਇਹ ਨੰਬਰ ਹੌਲਦਾਰ ਗੁਰਮੇਜ ਸਿੰਘ ਦੇ ਨਾਮ ''ਤੇ ਚੱਲਦਾ ਸੀ।
ਕੀ ਕਹਿੰਦੇ ਹਨ ਡੀ. ਐੱਸ. ਪੀ. ਸੁਲਤਾਨਪੁਰ ਲੋਧੀ :
ਇਸ ਸਬੰਧੀ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਮਨਪ੍ਰੀਤ ਸਿੰਘ ਦਾ ਮੋਬਾਇਲ ਨੰਬਰ ਹੌਲਦਾਰ ਗੁਰਮੇਜ ਸਿੰਘ ਕੋਲ ਹੀ ਸੀ।
ਐੱਫ. ਆਈ. ਆਰ. ਦਰਜ ਕਰਨ ਦੀ ਪੰਚਾਇਤ ਨੇ ਕੀਤੀ ਮੰਗ :
ਇਸ ਸਬੰਧੀ ਬਖਸ਼ੀਸ਼ ਸਿੰਘ ਜੋਸਨ, ਅਮਰਜੀਤ ਸਿੰਘ ਜੋਸਨ, ਪਿੰਡ ਹੈਬਤਪੁਰ ਦੀ ਸਰਪੰਚ ਦਲਜੀਤ ਕੌਰ, ਸ਼ਿੰਗਾਰਾ ਸਿੰਘ, ਨੰਬਰਦਾਰ ਸੁਰਿੰਦਰਪਾਲ ਸਿੰਘ, ਸਾਬਕਾ ਸਰਪੰਚ ਕਰਨੈਲ ਸਿੰਘ, ਜਸਵਿੰਦਰ ਸਿੰਘ ਨੰਢਾ, ਸੂਬੇਦਾਰ ਕਰਨੈਲ ਸਿੰਘ ਪੰਚ, ਜਸਵਿੰਦਰ ਸਿੰਘ ਪੰਚ, ਸਾਧੂ ਸਿੰਘ, ਮਲਕੀਤ ਸਿੰਘ ਪੰਚ ਆਦਿ ਸਮੂਹ ਪੰਚਾਇਤ ਪਿੰਡ ਹੈਬਤਪੁਰ ਨੇ ਮੰਗ ਕੀਤੀ ਕਿ ਹੌਲਦਾਰ ਗੁਰਮੇਜ ਸਿੰਘ ਖਿਲਾਫ ਐੱਫ. ਆਈ. ਆਰ. ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਹੌਲਦਾਰ ਗੁਰਮੇਜ ਸਿੰਘ ਦਾ ਕਹਿਣਾ ਹੈ ਕਿ ਉਹ ਨਿਰਦੋਸ਼ ਹੈ ਉਸ ਨੇ ਕੋਈ ਮੋਬਾਇਲ ਜਾਂ ਨਕਦੀ ਨਹੀਂ ਸੀ ਕੱਢੀ। ਉਸ ਖਿਲਾਫ ਦੋਸ਼ ਬੇਬੁਨਿਆਦ ਹਨ।


Gurminder Singh

Content Editor

Related News