ਹਾਦਸਾ ਨਹੀਂ ਮੇਰੇ ਪੁੱਤ ਨੂੰ ਸਾਜ਼ਿਸ਼ ਦੇ ਤਹਿਤ ਮਾਰਿਆ ਗਿਆ

04/08/2017 5:37:35 PM

ਗੜ੍ਹਸ਼ੰਕਰ (ਬੈਜ ਨਾਥ) : ਬੀਤੀ 30 ਮਾਰਚ ਨੂੰ ਚਾਣਥੂ ਜੱਟਾਂ ਦੇ ਨੌਜਵਾਨ ਸੰਦੀਪ ਸਿੰਘ ਦੀ ਸ਼ੱਕੀ ਹਾਲਾਤ ''ਚ ਹੋਈ ਮੌਤ ''ਤੇ ਸੰਦੀਪ ਦੀ ਮਾਤਾ ਬਲਦੇਵ ਕੌਰ ਦਾ ਕਹਿਣਾ ਹੈ ਕਿ ਇਹ ਦੁਰਘਟਨਾ ਨਹੀਂ ਸਗੋਂ ਕਤਲ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਲਾਗਲੇ ਪਿੰਡ ਢਾਡਾ ਕਲਾਂ ਦੇ ਇਕ ਜੱਸਾ ਨਾਮਕ ਨੌਜਵਾਨ ਦਾ ਮੇਰੇ ਪੁੱਤਰ ਸੰਦੀਪ ਨੂੰ ਫੋਨ ਆਇਆ ਕਿ ਬਾਹੋਵਾਲ ਇਕ ਵਿਆਹ ਸਮਾਗਮ ਵਿਚ ਜਾਣਾ ਹੈ। ਇਸਤੋਂ ਬਾਅਦ ਸੰਦੀਪ ਆਪਣਾ ਮੋਟਰਸਾਈਕਲ ਲੈ ਕੇ ਉਸ ਨਾਲ ਚਲਾ ਗਿਆ। ਸ਼ਾਮ ਨੂੰ ਕਰੀਬ 7 ਵਜੇ ਸੰਦੀਪ ਦਾ ਆਪਣੀ ਮਾਤਾ ਨੂੰ ਫੋਨ ਆਇਆ ਕਿ ਉਹ ਜਲਦੀ ਘਰ ਆ ਰਿਹਾ ਹੈ ਫਿਕਰ ਨਾ ਕਰਿਓ। ਮ੍ਰਿਤਕ ਦੀ ਮਾਸੀ ਸਰਬਜੀਤ ਕੌਰ ਨੇ ਦੱਸਿਆ ਕਿ 7.45 ਵਜੇ ਕਿਸੇ ਅਣਪਛਾਤੇ ਨੌਜਵਾਨ ਨੇ ਸੰਦੀਪ ਦੇ ਫੋਨ ਤੋਂ ਬਲਦੇਵ ਕੌਰ ਨੂੰ ਫੋਨ ਕੀਤਾ ਕਿ ਸੰਦੀਪ ਦਾ ਪਿੰਡ ਢਾਡਾ ਤੇ ਚਾਣਥੂਜੱਟਾਂ ਦੀ ਹੱਦ ਤੇ ਐਕਸੀਡੈਂਟ ਹੋ ਗਿਆ ਹੈ ਤੇ ਉਸ ਦੀ ਮੌਤ ਹੋ ਗਈ ਹੈ ਉਹ ਸੜਕ ''ਤੇ ਪਿਆ ਹੈ। ਫੋਨ ਤੋਂ ਬਾਅਦ ਜਦੋਂ ਉਹ ਮੌਕੇ ''ਤੇ ਪਹੁੰਚੇ ਤਾਂ ਸੰਦੀਪ ਦੀ ਲਾਸ਼ ਪਈ ਸੀ ਤੇ ਸੰਦੀਪ ਦੇ ਫੋਨ ਤੇ ਕਰੀਬ 7.40 ਤੇ ਇਕ ਫੋਨ ਕਾਲ ਆਈ ਜੋ ਕਿ ਨੰਬਰ ਜੱਸੇ ਦੇ ਪਿਤਾ ਦਾ ਦੱਸਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਜੱਸਾ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਸੰਦੀਪ ਦਾ ਦੋਸਤ ਬਣਿਆ ਸੀ ਤੇ ਉਹ ਨਸ਼ੇ ਦਾ ਆਦੀ ਹੈ ਤੇ ਉਸੇ ਨੇ ਹੀ ਸੰਦੀਪ ਦਾ ਕਤਲ ਕੀਤਾ ਹੈ। ਉਨ੍ਹਾਂ ਸ਼ੱਕ ਜਾਹਰ ਕੀਤਾ ਕਿ ਸੰਦੀਪ ਦੇ ਫੋਨ ਤੋਂ ਉਸਦੀ ਮਾਤਾ ਨੂੰ ਫੋਨ ਕਰਨ ਵਾਲਾ ਨੌਜਵਾਨ ਕੌਣ ਸੀ ਤੇ ਉਸ ਨੂੰ ਕਿਵੇਂ ਪਤਾ ਸੀ ਕਿ ਇਹ ਫੋਨ ਨੰਬਰ ਸੰਦੀਪ ਦੀ ਮਾਤਾ ਦਾ ਹੈ। ਉਨ੍ਹਾਂ ਕਿਹਾ ਕਿ ਸੰਦੀਪ ਦੇ ਸਿਰ ਵਿਚ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ ਤੇ ਸਿਰ ਦੋ ਫਾੜ ਹੋਇਆ ਪਿਆ ਸੀ, ਸੱਜੇ ਗੋਡੇ ਅਤੇ ਸੱਜੇ ਹੱਥ ਤੇ ਵੀ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ। ਜਦਕਿ ਮੋਟਰਸਾਈਕਲ ਖੱਬੇ ਪਾਸੇ ਤੋਂ ਟੁੱਟਿਆ ਹੋਇਆ ਸੀ ਪ੍ਰੰਤੂ ਸੱਟਾਂ ਦੇ ਨਿਸ਼ਾਨ ਸੱਜੇ ਪਾਸੇ ਹਨ।
ਮ੍ਰਿਤਕ ਨੌਜਵਾਨ ਦੀ ਮਾਤਾ ਬਲਦੇਵ ਕੌਰ ਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਜ਼ਿਲਾ ਪੁਲਸ ਮੁਖੀ ਹੁਸ਼ਿਆਰਪੁਰ ਸ੍ਰੀ ਹਰਚਰਨ ਸਿੰਘ ਭੁੱਲਰ ਨੂੰ ਮਿਲ ਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਅਤੇ ਖਦਸ਼ਾ ਜਾਹਰ ਕੀਤਾ ਕਿ ਉਨ੍ਹਾਂ ਦੇ ਪੁੱਤਰ ਦਾ ਕਿਸੇ ਸਾਜ਼ਿਸ਼ ਤਹਿਤ ਕਤਲ ਕੀਤਾ ਗਿਆ ਹੈ।
ਕੀ ਕਹਿੰਦੇ ਹਨ ਐੱਸ. ਐੱਚ. ਓ. ਮਾਹਿਲਪੁਰ
ਸੰਪਰਕ ਕਰਨ ''ਤੇ ਜਸਵਿੰਦਰਪਾਲ ਸਿੰਘ ਐੱਸ. ਐੱਚ. ਓ. ਮਾਹਿਲਪੁਰ ਨੇ ਦੱਸਿਆ ਕਿ ਪੁਲਸ ਐਕਸੀਡੈਂਟ ਤੇ ਕਤਲ ਦੋਵਾਂ ਥਿਊਰੀਆਂ ''ਤੇ ਕੰਮ ਕਰ ਰਹੀ ਹੈ। ਜਾਂਚ ਕਰ ਰਹੇ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ ਜਲਦੀ ਹੀ ਇਸ ਕੇਸ ਦਾ ਹਲ ਕਰ ਲਿਆ ਜਾਵੇਗਾ।


Gurminder Singh

Content Editor

Related News