ਅਨਾਜ ਮੰਡੀਆਂ ’ਚ ਝੋਨੇ ਦੇ ਅੰਬਾਰ, ਲਿਫਟਿੰਗ ਦੀ ਮੱਠੀ ਰਫ਼ਤਾਰ ਨੇ ਖੜ੍ਹੀ ਕੀਤੀ ਨਵੀਂ ਮੁਸੀਬਤ

Tuesday, Nov 03, 2026 - 06:23 PM (IST)

ਅਨਾਜ ਮੰਡੀਆਂ ’ਚ ਝੋਨੇ ਦੇ ਅੰਬਾਰ, ਲਿਫਟਿੰਗ ਦੀ ਮੱਠੀ ਰਫ਼ਤਾਰ ਨੇ ਖੜ੍ਹੀ ਕੀਤੀ ਨਵੀਂ ਮੁਸੀਬਤ

ਤਪਾ ਮੰਡੀ (ਸ਼ਾਮ ਗਰਗ): ਸਥਾਨਕ ਤਾਜੋਕੇ ਰੋਡ ਸਥਿਤ ਅਨਾਜ ਮੰਡੀ ਅਤੇ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਲਗਾਤਾਰ ਵਧ ਰਹੀ ਆਮਦ ਅਤੇ ਲਿਫਟਿੰਗ ਦੀ ਮੱਠੀ ਰਫ਼ਤਾਰ ਕਾਰਨ ਖਰੀਦ ਪ੍ਰਬੰਧ ਪ੍ਰਭਾਵਿਤ ਹੋ ਰਹੇ ਹਨ। ਮੰਡੀ ਵਿੱਚ ਝੋਨੇ ਦੀ ਆਮਦ ਵਿੱਚ ਤੇਜ਼ੀ ਆਉਣ ਦੇ ਬਾਵਜੂਦ ਲਿਫਟਿੰਗ ਸਮੇਂ ਸਿਰ ਨਾ ਹੋਣ ਕਾਰਨ ਕੱਚੇ ਫੜਾਂ ਅਤੇ ਖੁੱਲ੍ਹੀਆਂ ਥਾਵਾਂ ’ਤੇ ਝੋਨੇ ਦੇ ਢੇਰ ਲੱਗੇ ਹੋਏ ਹਨ। ਇਸ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀ ਵਿੱਚ ਲਿਆਉਣ ਅਤੇ ਵੇਚਣ ਸਮੇਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ ਨੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ ਲਗਾਤਾਰ ਵਧ ਰਹੀ ਹੈ, ਪਰ ਲਿਫਟਿੰਗ ਦੀ ਰਫ਼ਤਾਰ ਉਸ ਅਨੁਸਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਐੱਫ.ਸੀ.ਆਈ. ਵੱਲੋਂ ਹਰ ਰੋਜ਼ ਕਣਕ ਅਤੇ ਚੌਲਾਂ ਦੀਆਂ ਸਪੈਸ਼ਲ ਰੇਲਗੱਡੀਆਂ ਲਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ਰਾਹੀਂ ਦੂਜੇ ਸੂਬਿਆਂ ਵਿੱਚ ਅਨਾਜ ਭੇਜਿਆ ਜਾਂਦਾ ਹੈ। ਇਸ ਕਾਰਨ ਮਜ਼ਦੂਰਾਂ ਦੀ ਘਾਟ ਪੈਦਾ ਹੋ ਰਹੀ ਹੈ, ਕਿਉਂਕਿ ਇਹੀ ਮਜ਼ਦੂਰ ਮੰਡੀਆਂ ਵਿੱਚੋਂ ਝੋਨਾ ਚੁੱਕ ਕੇ ਸ਼ੈਲਰਾਂ ਤੱਕ ਪਹੁੰਚਾਉਣ ਅਤੇ ਲਿਫਟਿੰਗ ਦਾ ਕੰਮ ਕਰਦੇ ਹਨ।

ਕਿਸਾਨ ਆਗੂ ਨੇ ਸਵਾਲ ਉਠਾਇਆ ਕਿ ਝੋਨੇ ਅਤੇ ਕਣਕ ਦੇ ਖਰੀਦ ਸੀਜ਼ਨ ਦੌਰਾਨ ਹੀ ਇੰਨੀਆਂ ਸਪੈਸ਼ਲ ਰੇਲਗੱਡੀਆਂ ਕਿਉਂ ਲਗਾਈਆਂ ਜਾਂਦੀਆਂ ਹਨ? ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਵਿੱਚ ਕਣਕ ਅਤੇ ਚੌਲ ਭੇਜਣ ਲਈ ਇਹ ਸਪੈਸ਼ਲ ਰੇਲਗੱਡੀਆਂ ਖਰੀਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਵੀ ਲਗਾਈਆਂ ਜਾ ਸਕਦੀਆਂ ਹਨ। ਉਨ੍ਹਾਂ ਅਨੁਸਾਰ ਸੀਜ਼ਨ ਦੌਰਾਨ ਮਜ਼ਦੂਰਾਂ ਦੀ ਘਾਟ ਪਹਿਲਾਂ ਹੀ ਲਿਫਟਿੰਗ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਅਜਿਹੇ ਸਮੇਂ ਸਪੈਸ਼ਲ ਰੇਲਗੱਡੀਆਂ ਲਗਾਉਣ ਨਾਲ ਮੰਡੀਆਂ ਵਿੱਚ ਕੰਮਕਾਜ ਹੋਰ ਪ੍ਰਭਾਵਿਤ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੌਸਮ ਦੀ ਖ਼ਰਾਬੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਨੁਕਸਾਨ ਹੋਇਆ ਹੈ। ਹੁਣ ਕਿਸਾਨ ਆਪਣੀ ਫ਼ਸਲ ਮੰਡੀ ਵਿੱਚ ਲੈ ਕੇ ਪਹੁੰਚ ਰਹੇ ਹਨ, ਪਰ ਲਿਫਟਿੰਗ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਆਪਣੀ ਫ਼ਸਲ ਰੱਖਣ ਲਈ ਥਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂ ਨੇ ਮੰਗ ਕੀਤੀ ਕਿ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਅਤੇ ਲੇਬਰ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ।

ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਹਰਦੀਪ ਸਿੰਘ ਨੇ ਦੱਸਿਆ ਕਿ ਹੁਣ ਤੱਕ ਕੁਲ ਗੱਟਿਆਂ ਦੀ ਆਮਦ 35 ਲੱਖ 44 ਹਜ਼ਾਰ 950,ਜਿਸ ਵਿੱਚੋਂ 32 ਲੱਖ 72 ਹਜ਼ਾਰ 400 ਗੱਟਿਆਂ ਦੀ ਬੋਲੀ ਲੱਗ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲਗਭਗ 18 ਲੱਖ ਗੱਟਿਆਂ ਦੀ ਲਿਫਟਿੰਗ ਹੋਈ ਹੈ। ਕਿਸਾਨ ਆਗੂ ਨੇ ਸਰਕਾਰ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਕਿ ਖਰੀਦ ਸੀਜ਼ਨ ਦੌਰਾਨ ਲਿਫਟਿੰਗ ਨੂੰ ਪਹਿਲ ਦਿੱਤੀ ਜਾਵੇ ਅਤੇ ਸਪੈਸ਼ਲ ਰੇਲਗੱਡੀਆਂ ਲਗਾਉਣ ਦਾ ਸਮਾਂ ਵੀ ਮੰਡੀਆਂ ਦੀ ਲੋੜ ਨੂੰ ਧਿਆਨ ਵਿੱਚ ਰੱਖ ਕੇ ਤੈਅ ਕੀਤਾ ਜਾਵੇ।
 


author

Anmol Tagra

Content Editor

Related News