ਜਲਾਲਾਬਾਦ ''ਚ ਘਰ ''ਤੇ ਡਿੱਗੀ ਅਸਮਾਨੀ ਬਿਜਲੀ, ਜ਼ੋਰਦਾਰ ਧਮਾਕੇ ਮਗਰੋਂ ਲੱਗੀ ਅੱਗ, ਮਚੀ ਹਾਹਾਕਾਰ
Tuesday, May 05, 2026 - 03:00 PM (IST)
ਜਲਾਲਾਬਾਦ (ਬੰਟੀ ਦਹੂਜਾ) : ਜਲਾਲਾਬਾਦ ਦੇ ਵਿਜੇ ਨਗਰ ਇਲਾਕੇ 'ਚ ਦੇਰ ਰਾਤ ਮੌਸਮ 'ਚ ਅਚਾਨਕ ਆਏ ਬਦਲਾਅ ਤੋਂ ਬਾਅਦ ਇੱਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਅਸਮਾਨ 'ਚ ਕਾਲੇ ਬੱਦਲ ਛਾਉਣ ਅਤੇ ਤੇਜ਼ ਬਿਜਲੀ ਚਮਕਣ ਦੇ ਨਾਲ ਸ਼ੁਰੂ ਹੋਈ ਬਾਰਸ਼ ਦੌਰਾਨ ਇੱਕ ਘਰ 'ਤੇ ਅਸਮਾਨੀ ਬਿਜਲੀ ਡਿੱਗ ਗਈ। ਇਸ ਨਾਲ ਘਰ ਦੇ ਇੱਕ ਕਮਰੇ 'ਚ ਅੱਗ ਲੱਗ ਗਈ ਅਤੇ ਭਾਰੀ ਨੁਕਸਾਨ ਹੋਇਆ। ਮਕਾਨ ਮਾਲਕ ਭਾਰਤ ਭੂਸ਼ਣ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਘਰ 'ਚ ਮੌਜੂਦ ਸਨ ਅਤੇ ਇੱਕ ਕਮਰੇ 'ਚ ਬੈਠੇ ਹੋਏ ਸਨ, ਤਦ ਹੀ ਅਚਾਨਕ ਮੌਸਮ ਖ਼ਰਾਬ ਹੋ ਗਿਆ। ਕੁੱਝ ਹੀ ਦੇਰ 'ਚ ਤੇਜ਼ ਚਮਕ ਅਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਦੇ ਨਾਲ ਬਿਜਲੀ ਉਨ੍ਹਾਂ ਦੇ ਘਰ 'ਤੇ ਡਿੱਗੀ। ਧਮਾਕਾ ਇੰਨਾ ਤੇਜ਼ ਸੀ ਕਿ ਉਹ ਘਬਰਾ ਕੇ ਤੁਰੰਤ ਕਮਰੇ ਵਿੱਚੋਂ ਬਾਹਰ ਨਿਕਲ ਆਏ।
ਅੱਗ ਨੇ ਪੂਰੇ ਕਮਰੇ ਨੂੰ ਆਪਣੀ ਲਪੇਟ 'ਚ ਲਿਆ
ਬਾਹਰ ਆ ਕੇ ਦੇਖਿਆ ਤਾਂ ਨਾਲ ਵਾਲੇ ਕਮਰੇ 'ਚ ਲੱਗੇ ਏ. ਸੀ.'ਚ ਅੱਗ ਲੱਗੀ ਹੋਈ ਸੀ, ਜਿਸ ਨੇ ਹੌਲੀ-ਹੌਲੀ ਪੂਰੇ ਕਮਰੇ ਨੂੰ ਆਪਣੀ ਲਪੇਟ 'ਚ ਲਿਆ। ਧਮਾਕੇ ਦੀ ਆਵਾਜ਼ ਸੁਣ ਕੇ ਵਿਜੇ ਨਗਰ ਗਲੀ ਨੰਬਰ-5 ਦੇ ਆਸ-ਪਾਸ ਰਹਿਣ ਵਾਲੇ ਲੋਕ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਹਾਹਾਕਾਰ ਮਚ ਗਈ। ਸਾਰਿਆਂ ਨੇ ਮਿਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ। ਇਸ ਘਟਨਾ 'ਚ ਕਮਰੇ ਦੀ ਛੱਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਏ. ਸੀ. ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਜਿਸ ਕਮਰੇ 'ਚ ਅੱਗ ਲੱਗੀ, ਉਸ ਸਮੇਂ ਉੱਥੇ ਕੋਈ ਮੌਜੂਦ ਨਹੀਂ ਸੀ। ਜੇਕਰ ਕੋਈ ਵਿਅਕਤੀ ਅੰਦਰ ਹੁੰਦਾ ਤਾਂ ਇਹ ਹਾਦਸਾ ਜਾਨਲੇਵਾ ਸਾਬਤ ਹੋ ਸਕਦਾ ਸੀ। ਸਥਾਨਕ ਲੋਕਾਂ ਦੀ ਹੁਸ਼ਿਆਰੀ ਅਤੇ ਸਮੇਂ ਸਿਰ ਕੀਤੀ ਗਈ ਮਦਦ ਨਾਲ ਇੱਕ ਵੱਡਾ ਹਾਦਸਾ ਟਲ ਗਿਆ।
