ਪੰਜਾਬ ਦੀ ਸਿਆਸਤ ''ਚ ਵੱਡਾ ਧਮਾਕਾ, ਬਾਦਲ ਪਰਿਵਾਰ ਦੇ ਨਜ਼ਦੀਕੀ ਹੋਣਗੇ ਭਾਜਪਾ ''ਚ ਸ਼ਾਮਲ
Monday, Sep 14, 2026 - 06:28 PM (IST)
ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਮੇਜਰ (ਸੇਵਾਮੁਕਤ) ਭੁਪਿੰਦਰ ਸਿੰਘ ਢਿੱਲੋਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਭਾਜਪਾ ਦੇ ਸੂਬਾਈ ਦਫ਼ਤਰ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਮੇਤ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਵਿਚ ਭੁਪਿੰਦਰ ਸਿੰਘ ਢਿੱਲੋਂ ਇਸ ਦਾ ਰਸਮੀ ਐਲਾਨ ਕਰਨਗੇ। ਮੇਜਰ ਭੁਪਿੰਦਰ ਸਿੰਘ ਢਿੱਲੋਂ ਦਾ ਪਿਛੋਕੜ ਭਾਰਤੀ ਫੌਜ ਨਾਲ ਸਬੰਧਤ ਰਿਹਾ ਹੈ। ਪ੍ਰਸਿੱਧ 'ਦਿ ਲਾਰੈਂਸ ਸਕੂਲ' ਸਨਾਵਰ ਤੋਂ ਮੁੱਢਲੀ ਸਿੱਖਿਆ ਹਾਸਲ ਕਰਨ ਮਗਰੋਂ ਉਨ੍ਹਾਂ ਨੇ ਐੱਨ.ਡੀ.ਏ. (ਖੜਕਵਾਸਲਾ) ਅਤੇ ਆਈ.ਐੱਮ.ਏ. (ਦੇਹਰਾਦੂਨ) ਤੋਂ ਫ਼ੌਜੀ ਸਿਖਲਾਈ ਲਈ। ਸਾਲ 1969 ਵਿਚ ਬਤੌਰ ਸੈਕਿੰਡ ਲੈਫ਼ਟੀਨੈਂਟ ਭਾਰਤੀ ਫ਼ੌਜ ਵਿਚ ਕਮਿਸ਼ਨ ਹੋਣ ਉਪਰੰਤ 1983 ਵਿਚ ਉਨ੍ਹਾਂ ਬਤੌਰ ਮੇਜਰ ਸੇਵਾਮੁਕਤੀ ਲੈ ਲਈ ਸੀ। ਅਕਾਲੀ-ਭਾਜਪਾ ਸਰਕਾਰ ਵੇਲੇ 2012 ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਆਪਣਾ ਸਿਆਸੀ ਸਲਾਹਕਾਰ ਥਾਪ ਕੇ ਰਾਜ ਮੰਤਰੀ ਦਾ ਰੁਤਬਾ ਦਿੱਤਾ ਸੀ।
ਭੁਪਿੰਦਰ ਸਿੰਘ ਮਰਹੂਮ ਸਾਬਕਾ ਸੰਸਦ ਮੈਂਬਰ ਗੁਰਰਾਜ ਸਿੰਘ ਬਾਦਲ ਦੇ ਪੁੱਤਰ ਹਨ, ਜੋ ਪ੍ਰਕਾਸ਼ ਸਿੰਘ ਬਾਦਲ ਦੇ ਪਿਤਾ ਰਘੁਰਾਜ ਸਿੰਘ ਦੇ ਛੋਟੇ ਭਰਾ ਸਨ। ਭੁਪਿੰਦਰ ਦਾ ਜੱਦੀ ਘਰ ਇੱਥੇ ਬਾਦਲ ਪਿੰਡ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੁਰਾਣੇ ਘਰ ਦੇ ਬਿਲਕੁਲ ਕੋਲ ਸਥਿਤ ਹੈ। ਭਾਜਪਾ ਵਿਚ ਸ਼ਾਮਲ ਹੋਣ ਦਾ ਉਨ੍ਹਾਂ ਦਾ ਇਹ ਫੈਸਲਾ ਅਜਿਹੇ ਸਮੇਂ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ ਜਦੋਂ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਹੈ ਅਤੇ ਸੂਬੇ ਵਿਚ ਆਪਣਾ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
