ਸ਼ੱਕੀ ਹਾਲਾਤ ''ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਕਿਹਾ, ਰੰਜਿਸ਼ ਤਹਿਤ ਓਵਰਡੋਜ਼ ਦੇ ਕੇ ਮਾਰਿਆ
Friday, Sep 18, 2026 - 08:00 PM (IST)
ਮਾਛੀਵਾੜਾ ਸਾਹਿਬ (ਟੱਕਰ) : ਨੇੜ੍ਹਲੇ ਪਿੰਡ ਸ਼ਤਾਬਗੜ੍ਹ ਦੇ ਨੌਜਵਾਨ ਅਮਨਦੀਪ ਸਿੰਘ (19) ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕ ਦੇ ਭਰਾ ਰਿੰਕੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦਾ ਛੋਟਾ ਭਰਾ ਅਮਨਦੀਪ ਸਿੰਘ 14 ਸਤੰਬਰ ਨੂੰ ਕਰੀਬ 3 ਵਜੇ ਮੋਟਰਸਾਈਕਲ ’ਤੇ ਗਿਆ ਅਤੇ ਘਰ ਵਾਪਸ ਨਹੀਂ ਆਇਆ ਜਦੋਂ ਉਸਦੀ ਤਲਾਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ ਆਪਣੇ ਦੋਸਤਾਂ ਨਾਲ ਗਿਆ ਹੈ ਜੋ ਕਿ ਨਸ਼ਾ ਕਰਨ ਦੇ ਆਦੀ ਹਨ। ਪਰਿਵਾਰ ਵਲੋਂ ਅਮਨਦੀਪ ਸਿੰਘ ਨੂੰ ਕਈ ਵਾਰ ਫੋਨ ਵੀ ਕੀਤਾ ਪਰ ਉਹ ਬੰਦ ਆ ਰਿਹਾ ਸੀ। ਦੂਸਰੇ ਦਿਨ 15 ਸਤੰਬਰ ਨੂੰ ਉਹ ਤਲਾਸ਼ ਕਰਦੇ ਹੋਏ ਖੇਤਾਂ ਵਿਚ ਪੁੱਜੇ ਤਾਂ ਦੇਖਿਆ ਕਿ ਅਮਨਦੀਪ ਸਿੰਘ ਡਿੱਗਿਆ ਹੋਇਆ ਸੀ ਜਿਸ ਕੋਲ ਉਸਦਾ ਮੋਟਰਸਾਈਕਲ ਖੜ੍ਹਾ ਸੀ। ਰਿੰਕੂ ਨੇ ਦੱਸਿਆ ਕਿ ਉਸਦਾ ਭਰਾ ਅਮਨਦੀਪ ਸਿੰਘ ਬੜੇ ਔਖੇ-ਔਖੇ ਸਾਹ ਲੈ ਰਿਹਾ ਸੀ ਜਿਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਵਲੋਂ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਸਮਰਾਲਾ ਰੈਫ਼ਰ ਕਰ ਦਿੱਤਾ ਜਿੱਥੋਂ ਫਿਰ 32 ਸੈਕਟਰ ਚੰਡੀਗੜ੍ਹ ਲੈ ਗਏ। ਚੰਡੀਗੜ੍ਹ ਹਸਪਤਾਲ ਵਿਖੇ ਡਾਕਟਰਾਂ ਨੇ ਅਮਨਦੀਪ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮਾਛੀਵਾੜਾ ਪੁਲਸ ਵਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਕਰਵਾ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮੁਲਾਜ਼ਮਾਂ ਦੇ ਡੀ. ਏ. ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਮੰਨ ਲਈਆਂ ਮੰਗਾਂ, ਇਸ ਤਨਖਾਹ ਨਾਲ ਵਧੇਗਾ ਭੱਤਾ
ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਸਪੱਸ਼ਟ ਕਾਰਨਾਂ ਦਾ ਪਤਾ ਲੱਗੇਗਾ: ਥਾਣਾ ਮੁਖੀ
ਥਾਣਾ ਮਾਛੀਵਾੜਾ ਦੇ ਮੁਖੀ ਕਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸ਼ਤਾਬਗੜ੍ਹ ਦੇ ਨਿਵਾਸੀ ਅਮਨਦੀਪ ਸਿੰਘ ਦੀ ਹਸਪਤਾਲ ਵਿਚ ਮੌਤ ਹੋ ਗਈ ਹੈ। ਪੁਲਸ ਅਨੁਸਾਰ ਪਰਿਵਾਰ ਨੇ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਦਾ ਲੜਕਾ ਅਮਨਦੀਪ ਸਿੰਘ ਘਰੋਂ 14 ਸਤੰਬਰ ਨੂੰ ਗਿਆ ਸੀ ਜੋ ਵਾਪਸ ਨਹੀਂ ਆਇਆ। ਪਰਿਵਾਰ ਨੇ ਬਿਆਨ ’ਚ ਲਿਖਾਇਆ ਕਿ ਉਸਦੇ 2 ਦੋਸਤ ਜੋ ਨਸ਼ਾ ਕਰਨ ਦੇ ਆਦੀ ਹਨ, ਉਹ ਉਸਦੇ ਨਾਲ ਸਨ। ਪੁਲਸ ਨੇ ਕਿਹਾ ਕਿ ਅਮਨਦੀਪ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਦਿੱਤਾ ਹੈ ਜਿਸ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਕਿ ਉਸਦੀ ਮੌਤ ਦੇ ਅਸਲ ਕਾਰਨ ਕੀ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਕੋਈ ਦੋਸ਼ੀ ਹੋਇਆ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪਰਿਵਾਰ ਨੇ ਪੁਲਸ ਕੋਲ ਅਜਿਹਾ ਕੋਈ ਬਿਆਨ ਦਰਜ ਨਹੀਂ ਕਰਵਾਇਆ ਜਿਸ ਵਿਚ ਨਸ਼ੇ ਦੀ ਓਵਰਡੋਜ਼ ਦਾ ਮਾਮਲਾ ਦਰਜ ਹੋਵੇ ਪਰ ਫਿਰ ਵੀ ਪੁਲਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਏ. ਐੱਸ. ਆਈ. ਕਤਲ ਕਾਂਡ ਤੋਂ ਬਾਅਦ ਡੀ. ਜੀ. ਪੀ. ਗੌਰਵ ਯਾਦਵ ਨੇ ਦਿੱਤੀ ਚੇਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
