ਮਨੀਮਾਜਰਾ ਤੋਂ ਕਾਰ ਲੁੱਟ ਮਾਮਲੇ ’ਚ ਫ਼ਰਾਰ ਦੋ ਮੁਲਜ਼ਮ ਕਾਬੂ

Wednesday, Sep 16, 2026 - 11:55 AM (IST)

ਮਨੀਮਾਜਰਾ ਤੋਂ ਕਾਰ ਲੁੱਟ ਮਾਮਲੇ ’ਚ ਫ਼ਰਾਰ ਦੋ ਮੁਲਜ਼ਮ ਕਾਬੂ

ਚੰਡੀਗੜ੍ਹ (ਸੁਸ਼ੀਲ) : ਜ਼ਿਲ੍ਹਾ ਅਪਰਾਧ ਸੈੱਲ ਨੇ ਕਾਰ ’ਚ ਬੈਠੇ ਨੌਜਵਾਨ ਤੋਂ ਪਿਸਤੌਲ ਦੀ ਨੋਕ ’ਤੇ ਕਾਰ ਲੁੱਟਣ ਦੇ ਮਾਮਲੇ ’ਚ ਫ਼ਰਾਰ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪੰਚਕੂਲਾ ਦੇ ਮਾਜਰੀ ਚੌਕ ਵਾਸੀ ਰਿਤਿਕ ਕੁਮਾਰ ਉਰਫ਼ ਸ਼ੇਰ ਅਤੇ ਪੰਚਕੂਲਾ ਦੇ ਸੈਕਟਰ-12 ਵਾਸੀ ਦੀਪਕ ਕੁਮਾਰ ਉਰਫ਼ ਟੂਡੀ ਵਜੋਂ ਹੋਈ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਲੁੱਟ ’ਚ ਵਰਤੋਂ ਕੀਤੀ ਗਈ ਬਾਈਕ ਬਰਾਮਦ ਕੀਤੀ। ਇਸ ਤੋਂ ਪਹਿਲਾਂ ਪੁਲਸ ਮਾਮਲੇ ’ਚ ਤਿੰਨ ਮੁਲਜ਼ਮਾਂ ਕ੍ਰਿਸ਼, ਸੌਰਭ ਅਤੇ ਸੰਜੂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

ਮਨੀਮਾਜਰਾ ਦੇ ਰਾਜੀਵ ਵਿਹਾਰ ਸੁਸਾਇਟੀ ਦੇ ਰਹਿਣ ਵਾਲੇ ਪੁਲਕਿਤ ਸ਼ਰਮਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਰਾਤ ਲਗਭਗ 12:30 ਵਜੇ ਡਿਲੀਵਰੀ ਬੁਆਏ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ 3 ਨੌਜਵਾਨ ਗਲਤ ਸਾਈਡ ਤੋਂ ਆਏ ਅਤੇ ਆਪਣੀ ਮੋਟਰਸਾਈਕਲ ਕਾਰ ਦੇ ਸਾਹਮਣੇ ਰੋਕ ਦਿੱਤੀ। ਉਸੇ ਸਮੇਂ ਦੂਜੇ ਪਾਸਿਓਂ ਐਕਟਿਵਾ ਸਵਾਰ ਦੋ ਨੌਜਵਾਨ ਆ ਗਏ। ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੇ ਗਰਦਨ ’ਤੇ ਚਾਕੂ ਰੱਖਿਆ ਅਤੇ ਤੀਜੇ ਨੇ ਪਿਸਤੌਲ ਤਾਣ ਕੇ ਕਾਰ ਲੁੱਟ ਲਈ ਅਤੇ ਭੱਜ ਗਏ। ਮਨੀਮਾਜਰਾ ਥਾਣਾ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਜ਼ਿਲ੍ਹਾ ਅਪਰਾਧ ਸੈੱਲ ਦੀ ਟੀਮ ਨੇ ਮੁਲਜ਼ਮ ਕ੍ਰਿਸ਼, ਸੌਰਭ ਅਤੇ ਸੰਜੂ ਨੂੰ ਗ੍ਰਿਫ਼ਤਾਰ ਕਰ ਕੇ ਲੁੱਟੀ ਕਾਰ ਅਤੇ ਦੇਸੀ ਕੱਟਾ ਬਰਾਮਦ ਕੀਤਾ।


author

Babita

Content Editor

Related News