ਮੋਟਰਸਾਈਕਲ ਤੇ ਕਾਰ ਵਿਚਾਲੇ ਟੱਕਰ ਦੌਰਾਨ ਵਿਅਕਤੀ ਦੀ ਮੌਤ

Friday, Nov 29, 2024 - 04:06 PM (IST)

ਮੋਟਰਸਾਈਕਲ ਤੇ ਕਾਰ ਵਿਚਾਲੇ ਟੱਕਰ ਦੌਰਾਨ ਵਿਅਕਤੀ ਦੀ ਮੌਤ

ਜਲਾਲਾਬਾਦ (ਬਜਾਜ) : ਇੱਥੇ ਐੱਫ. ਐੱਫ. ਮੁੱਖ ਮਾਰਗ ’ਤੇ ਸਥਿਤ ਪਿੰਡ ਲਮੋਚੜ ਕਲਾਂ ਦੇ ਨਜ਼ਦੀਕ ਪੈਂਦੀ ਢਾਣੀ ਸੁੰਦਰਪੁਰਾ ਦੇ ਕੋਲ ਕਰੇਟਾ ਕਾਰ ਅਤੇ ਮੋਟਰ ਸਾਈਕਲ ਦੀ ਆਪਸ 'ਚ ਟੱਕਰ ਹੋ ਗਈ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਅਜੇ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਦਸ਼ਮੇਸ਼ ਨਗਰ ਜਲਾਲਾਬਾਦ ਵਜੋਂ ਹੋਈ ਹੈ। ਇਸ ਸਬੰਧ 'ਚ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।

ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਮੁਦੱਈ ਗੁਰਦੀਪ ਸਿੰਘ ਪੁੱਤਰ ਵੱਲੂ ਸਿੰਘ ਵਾਸੀ ਲਮੋਚੜ ਕਲਾਂ (ਢਾਣੀ ਸੁੰਦਰਪੁਰਾ) ਵੱਲੋਂ ਪੁਲਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਮਿਤੀ 27-11-2024 ਨੂੰ ਦੇਰ ਸ਼ਾਮ ਕਰੀਬ 8 ਵਜੇ ਅਜੇ ਕੁਮਾਰ ਰੋਟੀ ਖਾ ਕੇ ਐੱਫ. ਐੱਫ. ਰੋਡ ’ਤੇ ਆਪਣੇ ਘਰ ਦੇ ਬਾਹਰ ਸੜਕ ਕਿਨਾਰੇ ਖੜ੍ਹਾ ਸੀ। ਇਸ ਦੌਰਾਨ ਮੰਡੀ ਘੁਬਾਇਆ ਵਾਲੇ ਪਾਸਿਓਂ ਇਕ ਕਰੇਟਾ ਕਾਰ ਆਈ, ਜਿਸ ਨੂੰ ਅਣਪਛਾਤਾ ਵਿਅਕਤੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ।

ਉਸਨੇ ਆਪਣੀ ਕਰੇਟਾ ਕਾਰ ਅਜੇ ਕੁਮਾਰ ਦੇ ਮੋਟਰ ਸਾਈਕਲ ਦੇ ਪਿੱਛੇ ਲਿਆ ਕੇ ਮਾਰ ਦਿੱਤੀ। ਇਸ ਕਾਰਨ ਅਜੇ ਕੁਮਾਰ ਦੀ ਮੌਤ ਹੋ ਗਈ ਹੈ। ਥਾਣਾ ਸਦਰ ਵਿਖੇ ਮੁਦੱਈ ਗੁਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਕਰੇਟਾ ਕਾਰ ਚਾਲਕ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਕਾਰਵਾਈ ਕਰਨ ਉਪਰੰਤ ਪੁਲਸ ਵੱਲੋਂ ਮ੍ਰਿਤਕ ਅਜੇ ਕੁਮਾਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
 


author

Babita

Content Editor

Related News