ਹਾਦਸੇ ’ਚ 2 ਵਿਅਕਤੀਅਾਂ ਦੀ ਮੌਤ, 1 ਜ਼ਖਮੀ
Friday, Jul 27, 2018 - 11:45 PM (IST)
ਫਾਜ਼ਿਲਕਾ(ਨਾਗਪਾਲ, ਲੀਲਾਧਰ)–ਫਾਜ਼ਿਲਕਾ ਉਪਮੰਡਲ ਦੇ ਪਿੰਡ ਮਾਹੂਆਣਾ ਬੋਦਲਾਂ ਦੇ ਨੇਡ਼ੇ ਟਰੱਕ ਅਤੇ ਮੋਟਰਸਾਈਕਲ ਦੀ ਆਹਮੋ-ਸਾਹਮਣੇ ਹੋਈ ਟੱਕਰ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਸਥਾਨਕ ਸਿਵਲ ਹਸਪਤਾਲ ਵਿਚ ਮ੍ਰਿਤਕ ਰਜਿੰਦਰ ਕੁਮਾਰ (28) ਵਾਸੀ ਪਿੰਡ ਚਾਹਲਾਂ ਵਾਲੀ ਦੇ ਰਿਸ਼ਤੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਰਜਿੰਦਰ ਕੁਮਾਰ ਬੀਤੀ ਸ਼ਾਮ ਲਗਭਗ 7.00 ਵਜੇ ਆਪਣੇ ਮੋਟਰਸਾਈਕਲ ’ਤੇ ਪਿੰਡ ਤੋਂ ਮੰਡੀ ਅਰਨੀਵਾਲਾ ਵਿਚ ਕਿਸੇ ਕੰਮ ਲਈ ਜਾ ਰਿਹਾ ਸੀ। ਜਦੋਂ ਉਹ ਪਿੰਡ ਮਾਹੂਆਣਾ ਬੋਦਲਾਂ ਦੇ ਨੇਡ਼ੇ ਸਥਿਤ ਇੱਟਾਂ ਦੇ ਭੱਠੇ ਨੇਡ਼ੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਦੇ ਨਾਲ ਉਸ ਦੀ ਟੱਕਰ ਹੋ ਗਈ ਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਅੱਜ ਸਥਾਨਕ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾਇਆ ਗਿਆ। ਮੰਡੀ ਅਰਨੀਵਾਲਾ ਥਾਣਾ ਦੇ ਪੁਲਸ ਕਰਮਚਾਰੀ ਦੇਸ ਸਿੰਘ ਨੇੇ ਦੱਸਿਆ ਕਿ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਨਿੱਤ ਬੇਸਹਾਰਾ ਪਸ਼ੂਆਂ ਦੇ ਕਾਰਨ ਸਡ਼ਕ ਹਾਦਸਿਆਂ ’ਚ ਹੋ ਰਹੇ ਵਾਧਿਆਂ ’ਚ ਕਈ ਲੋਕ ਮੌਤ ਦਾ ਸ਼ਿਕਾਰ ਬਣ ਰਹੇ ਹਨ। ਇਸ ਕਡ਼ੀ ’ਚ ਬੀਤੀ ਰਾਤ ਮੁਡ਼ ਤੋਂ ਕੰਧਵਾਲਾ ਰੋਡ ’ਤੇ ਇਕ ਢੱਠੇ ਦੀ ਟੱਕਰ ਨਾਲ 2 ਮੋਟਰਸਾਈਕਲ ਸਵਾਰ ਨੌਜਵਾਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮੁਢਲੇ ਇਲਾਜ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ, ਇਨ੍ਹਾਂ ’ਚੋਂ ਇਕ ਨੌਜਵਾਨ ਦੀ ਤਡ਼ਕੇ ਮੌਤ ਹੋ ਗਈ, ਜਦੋਂ ਕਿ ਦੂਜੇ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। 2 ਵਿਧਾਨਸਭਾ ਖੇਤਰਾਂ ’ਚ ਵੰਡੀ ਢਾਣੀ ਬਿਸ਼ੇਸ਼ਰਨਾਥ ਵਾਸੀ ਕਰੀਬ 22 ਸਾਲਾ ਪੰਕਜ ਪੁੱਤਰ ਛੋਟੇ ਲਾਲ ਆਪਣੇ ਸਾਥੀ ਦੀਪੂ ਦੇ ਨਾਲ ਹਸਪਤਾਲ ’ਚ ਦਾਖਲ ਉਸਦੀ ਮਾਂ ਦਾ ਹਾਲਚਾਲ ਜਾਣਨ ਤੋਂ ਬਾਅਦ ਸ਼ਹਿਰ ਤੋਂ ਵਾਪਸ ਮੋਟਰਸਾਈਕਲ ’ਤੇ ਘਰ ਜਾ ਰਹੇ ਸਨ ਕਿ ਜਦ ਉਹ ਕੰਧਵਾਲਾ ਰੋਡ ਵਿਖੇ ਨਹਿਰ ਦੇ ਨੇਡ਼ੇ ਪੁੱਜੇ ਤਾਂ ਸਡ਼ਕ ’ਤੇ ਅਚਾਨਕ ਢੱਠੇ ਆਉਣ ਨਾਲ ਉਸ ਨਾਲ ਟਕਰਾ ਕੇ ਜ਼ਖਮੀ ਹੋ ਗਏ। ਟੱਕਰ ਇੰਨੀ ਜ਼ੋਰਦਾਰ ਸੀ ਕਿ ਢੱਠੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦ ਕਿ ਪੰਕਜ ਅਤੇ ਦੀਪੂ ਜ਼ਖਮੀ ਹੋ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਜ਼ਖਮੀਆਂ ਦੇ ਪਰਿਵਾਰ ਨੂੰ ਦਿੱਤੀ, ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਰੈਫਰ ਕਰ ਦਿੱਤਾ। ਜਿਸ ’ਤੇ ਪਰਿਵਾਰ ਨੇ ਉਨ੍ਹਾਂ ਨੂੰ ਸ਼੍ਰੀਗੰਗਾਨਗਰ ਲੈ ਗਏ। ਜਿੱਥੇ ਪੰਕਜ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਉਸਨੂੰ ਬੀਕਾਨੇਰ ਰੈਫਰ ਕਰ ਦਿੱਤਾ ਗਿਆ, ਜਿੱਥੇ ਲਿਜਾਂਦੇ ਸਮੇਂ ਸ਼ੁੱਕਰਵਾਰ ਸਵੇਰੇ ਉਸਨੇ ਦਮ ਤੋਡ਼ ਦਿੱਤਾ। ਮ੍ਰਿਤਕ ਦੇ ਦੋ ਭਰਾ ਅਤੇ 2 ਭੈਣਾਂ ਹਨ।
