ਫਿਰੋਜ਼ਪੁਰ : ਟਰੱਕ ਹੇਠਾਂ ਆਉਣ ਨਾਲ ਗਰਭਵਤੀ ਔਰਤ ਦੀ ਦਰਦਨਾਕ ਮੌਤ

Wednesday, Feb 14, 2018 - 02:30 AM (IST)

ਫਿਰੋਜ਼ਪੁਰ : ਟਰੱਕ ਹੇਠਾਂ ਆਉਣ ਨਾਲ ਗਰਭਵਤੀ ਔਰਤ ਦੀ ਦਰਦਨਾਕ ਮੌਤ

ਫਾਜ਼ਿਲਕਾ(ਨਾਗਪਾਲ, ਲੀਲਾਧਰ)— ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਸਥਿਤ ਮੰਡੀ ਅਰਨੀਵਾਲਾ ਤੋਂ ਪਿੰਡ ਡੱਬਵਾਲੀ ਕਲਾਂ ਨੂੰ ਜਾਣ ਵਾਲੀ ਸੜਕ 'ਤੇ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਗਰਭਵਤੀ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਅਤੇ ਸੱਸ ਦੋਵੇਂ ਜ਼ਖ਼ਮੀ ਹੋ ਗਏ। ਸਥਾਨਕ ਸਿਵਲ ਹਸਪਤਾਲ ਵਿਚ ਮ੍ਰਿਤਕਾ ਸ਼ਿਮਲਾ ਰਾਣੀ (21) ਦੇ ਪਤੀ ਗੁਰਦੇਵ ਸਿੰਘ ਵਾਸੀ ਚੰਡੀਗੜ੍ਹ ਬਸਤੀ (ਅਰਨੀਵਾਲਾ) ਨੇ ਦੱਸਿਆ ਕਿ ਉਸ ਦੀ ਪਤਨੀ ਸ਼ਿਮਲਾ ਰਾਣੀ ਜੋ ਗਰਭਵਤੀ ਸੀ, ਦੀ ਅੱਜ ਨੇੜਲੇ ਪਿੰਡ ਡੱਬਵਾਲੀ ਕਲਾਂ ਵਿਚ ਸਥਿਤ ਸਿਹਤ ਕੇਂਦਰ 'ਚ ਡਲਿਵਰੀ ਸੀ। ਉਸ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ ਪੌਣੇ 7 ਵਜੇ ਜਦੋਂ ਉਹ ਆਪਣੀ ਮਾਤਾ ਬਨਸੋ ਬਾਈ ਨਾਲ ਆਪਣੀ ਪਤਨੀ ਸ਼ਿਮਲਾ ਰਾਣੀ ਨੂੰ ਮੋਟਰਸਾਈਕਲ 'ਤੇ ਪਿੰਡ ਡੱਬਵਾਲਾ ਕਲਾਂ ਦੇ ਹਸਪਤਾਲ ਲੈ ਕੇ ਜਾ ਰਿਹਾ ਸੀ ਤਾਂ ਮੰਡੀ ਅਰਨੀਵਾਲਾ ਤੋਂ ਡੱਬਵਾਲਾ ਕਲਾਂ ਨੂੰ ਜਾਣ ਵਾਲੀ ਸੜਕ 'ਤੇ ਮੀਂਹ ਦੇ ਕਾਰਨ ਚਿੱਕੜ ਹੋਇਆ ਪਿਆ ਸੀ, ਜਿਸ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਤਿਲਕ ਗਿਆ। ਇਸੇ ਦੌਰਾਨ ਉਕਤ ਸੜਕ ਤੋਂ ਪਿੰਡ ਡੱਬਵਾਲਾ ਕਲਾਂ ਵੱਲੋਂ ਆ ਰਹੇ ਟਰੱਕ ਦੇ ਚਾਲਕ ਨੇ ਜਦੋਂ ਉਥੇ ਲੱਗੇ ਰੁੱਖ ਜੋ ਕਾਫੀ ਨੀਵਾਂ ਹੈ, ਤੋਂ ਆਪਣੇ ਟਰੱਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੱਕ ਉਸ ਦੇ ਹੱਥ ਦੇ ਉਪਰੋਂ ਦੀ ਲੰਘਦਾ ਹੋਇਆ ਉਸ ਦੀ ਗਰਭਵਤੀ ਪਤਨੀ ਸ਼ਿਮਲਾ ਰਾਣੀ ਦੇ ਸਿਰ ਦੇ ਉਪਰੋਂ ਲੰਘ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਟੱਕਰ ਵਿਚ ਉਸ ਦੀ ਮਾਤਾ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਟੱਕਰ ਹੋਣ 'ਤੇ ਟਰੱਕ ਚਾਲਕ ਆਪਣਾ ਟਰੱਕ ਲੈ ਕੇ ਭੱਜ ਗਿਆ। ਮ੍ਰਿਤਕਾ ਦਾ ਅੱਜ ਦੁਪਹਿਰ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਇਆ ਗਿਆ। ਘਟਨਾ ਸਬੰਧੀ ਥਾਣਾ ਅਰਨੀਵਾਲਾ ਦੀ ਪੁਲਸ ਨੇ ਅਣਪਛਾਤੇ ਟਰੱਕ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। 


Related News