ਸੜਕ ਹਾਦਸੇ ''ਚ ਨੌਜਵਾਨ ਦੀ ਮੌਤ
Tuesday, May 14, 2019 - 01:00 PM (IST)

ਮਾਛੀਵਾੜਾ ਸਾਹਿਬ (ਟੱਕਰ) : ਕੱਲ ਦੇਰ ਰਾਤ ਬੇਟ ਖੇਤਰ ਦੇ ਪਿੰਡ ਜੁਲਫ਼ਗੜ੍ਹ ਨੇੜੇ ਵਾਪਰੇ ਸੜਕ ਹਾਦਸੇ 'ਚ ਨੌਜਵਾਨ ਗੁਰਪ੍ਰੀਤ ਸਿੰਘ (24) ਵਾਸੀ ਰੌੜ ਥਾਣਾ ਕੂੰਮਕਲਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਗੁਰਪ੍ਰੀਤ ਸਿੰਘ ਮਾਛੀਵਾੜਾ ਵਿਖੇ ਬੱਸ ਡਰਾਇਵਰ ਦਾ ਕੰਮ ਕਰਦਾ ਸੀ ਅਤੇ ਉਹ ਫਿਲਹਾਲ ਆਪਣੇ ਨਾਨਕੇ ਘਰ ਪਿੰਡ ਜੱਸੋਵਾਲ ਵਿਖੇ ਰਹਿੰਦਾ ਸੀ। ਕੱਲ ਰਾਤ ਵੀ ਉਹ ਆਪਣੀ ਡਿਊਟੀ ਤੋਂ ਬਾਅਦ ਮਾਛੀਵਾੜਾ ਤੋਂ ਮੋਟਰਸਾਈਕਲ ਲੈ ਕੇ ਵਾਪਸ ਪਿੰਡ ਜੱਸੋਵਾਲ ਵੱਲ ਨੂੰ ਜਾ ਰਿਹਾ ਸੀ, ਰਸਤੇ 'ਚ ਪੈਂਦੇ ਜੁਲਫ਼ਗੜ੍ਹ ਨੇੜੇ ਉਸਦਾ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਮੋਟਰਸਾਈਕਲ ਘਰ ਦੇ ਬਣੇ ਪਿੱਲਰ ਨਾਲ ਜਾ ਟਕਰਾਇਆ।
ਸ਼ੱਕ ਹੈ ਕਿ ਇਹ ਹਾਦਸਾ ਰਾਤ ਨੂੰ ਚੱਲੇ ਝੱਖੜ ਅਤੇ ਮੀਂਹ ਕਾਰਨ ਵਾਪਰਿਆ ਹੈ। ਜਦੋਂ ਤੜਕੇ ਪਿੰਡ ਵਾਸੀਆਂ ਨੇ ਦੇਖਿਆ ਕਿ ਇਕ ਨੌਜਵਾਨ ਸੜਕ 'ਤੇ ਲਹੂ-ਲਹਾਨ ਪਿਆ ਹੈ, ਜਿਸ ਦੀ ਮੌਤ ਹੋ ਚੁੱਕੀ ਸੀ। ਪਿੰਡ ਵਾਸੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਪਰਿਵਾਰਕ ਮੈਂਬਰ ਵੀ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਜਾਂਚ ਦੌਰਾਨ ਦੱਸਿਆ ਕਿ ਰਸਤੇ 'ਚ ਜਾਂਦੇ ਸਮੇਂ ਨੌਜਵਾਨ ਗੁਰਪ੍ਰੀਤ ਸਿੰਘ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਸਦੇ ਸਿਰ 'ਚ ਡੂੰਘੀ ਸੱਟ ਵੱਜਣ ਨਾਲ ਉਸਦੀ ਮੌਤ ਹੋ ਗਈ। ਫਿਲਹਾਲ ਪੁਲਸ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ।