ਹਾਦਸੇ ''ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਦਾ ਬਿਆਨ, ਸਾਡੇ ਪੁੱਤ ਦਾ ਕਤਲ ਹੋਇਆ

Saturday, Apr 12, 2025 - 05:34 PM (IST)

ਹਾਦਸੇ ''ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਦਾ ਬਿਆਨ, ਸਾਡੇ ਪੁੱਤ ਦਾ ਕਤਲ ਹੋਇਆ

ਮਾਛੀਵਾੜਾ ਸਾਹਿਬ (ਟੱਕਰ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਸੰਘੇ ਦੇ ਵਾਸੀ ਜਗਤਾਰ ਸਿੰਘ ਨੇ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ ਕਿ ਕੁਝ ਦਿਨ ਉਸਦੇ ਪੁੱਤਰ ਮਨਪ੍ਰੀਤ ਸਿੰਘ ਦੀ ਹੋਈ ਮੌਤ ਕੋਈ ਸੜਕ ਹਾਦਸਾ ਨਹੀਂ ਬਲਕਿ ਉਸਦਾ ਕਤਲ ਕੀਤਾ ਗਿਆ ਹੈ ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ। ਜਗਤਾਰ ਸਿੰਘ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਉਸਦਾ ਲੜਕਾ ਮਨਪ੍ਰੀਤ ਸਿੰਘ ਇਕ ਪ੍ਰਾਈਵੇਟ ਫੈਕਟਰੀ ਵਿਚ ਕੰਮ ਕਰਦਾ ਸੀ ਅਤੇ ਪਹਿਲਾਂ ਵੀ ਜਦੋਂ ਡਿਊਟੀ ਉਪਰੰਤ 8 ਵਜੇ ਘਰ ਵਾਪਸ ਆਉਂਦਾ ਸੀ ਉਸ ’ਤੇ ਲੁੱਟ, ਖੋਹ ਦੇ ਇਰਾਦੇ ਨਾਲ ਕਈ ਵਾਰ ਹਮਲਾ ਵੀ ਹੋ ਚੁੱਕਾ ਹੈ। ਲੰਘੀਂ 2 ਅਪ੍ਰੈਲ ਨੂੰ ਮਨਪ੍ਰੀਤ ਸਿੰਘ ਤੇ ਉਸਦਾ ਦੋਸਤ ਨਿਰਮਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਰੋਟੀ ਖਾ ਕੇ ਸੈਰ ਨੂੰ ਚਲੇ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮਨਪ੍ਰੀਤ ਸਿੰਘ ਰਵੀਦਾਸੀਆ ਸਮਸ਼ਾਨ ਘਾਟ ਨੇੜੇ ਬੇਹੋਸ਼ੀ ਦੀ ਹਾਲਤ ਵਿਚ ਪਿਆ ਹੈ ਅਤੇ ਉਸਦੇ ਖੂਨ ਵਗ ਰਿਹਾ ਹੈ ਜਦਕਿ ਉਸਦਾ ਦੋਸਤ ਨਿਰਮਲ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। 

ਮਨਪ੍ਰੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਪੀ.ਜੀ.ਆਈ. ਭੇਜ ਦਿੱਤਾ ਗਿਆ। ਪਰਿਵਾਰ ਨੇ ਕਿਹਾ ਕਿ ਡਾਕਟਰਾਂ ਅਨੁਸਾਰ ਮਨਪ੍ਰੀਤ ਸਿੰਘ ਦੇ ਸਿਰ ’ਤੇ ਕੋਈ ਜ਼ੋਰਦਾਰ ਚੀਜ਼ ਨਾਲ ਵਾਰ ਹੋਣ ਦੀ ਸ਼ੰਕਾ ਹੈ ਜਿਸ ਸਬੰਧੀ ਉਸਦਾ ਆਪ੍ਰੇਸ਼ਨ ਵੀ ਹੋਇਆ ਪਰ 4 ਅਪ੍ਰੈਲ ਨੂੰ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਕੂੰਮਕਲਾਂ ਪੁਲਸ ਵਲੋਂ ਉਸ ਨਾਲ ਸੈਰ ਕਰਨ ਗਏ ਦੋਸਤ ਨਿਰਮਲ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਇਹ ਪਰਚਾ ਦਰਜ ਕੀਤਾ ਗਿਆ ਕਿ ਪਿੱਛੋਂ ਆ ਕੇ ਕਿਸੇ ਮੋਟਰਸਾਈਕਲ ਨੇ ਫੇਟ ਮਾਰ ਅਤੇ ਸੜਕ ਹਾਦਸੇ ਵਿਚ ਮਨਪ੍ਰੀਤ ਸਿੰਘ ਦੀ ਜਾਨ ਚਲੀ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਸੜਕ ਹਾਦਸਾ ਨਹੀਂ ਬਲਕਿ ਲੁੱਟ, ਖੋਹ ਦੀ ਨੀਅਤ ਨਾਲ ਉਸ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿਚ ਉਸਦੀ ਜਾਨ ਚਲੀ ਗਈ। ਮ੍ਰਿਤਕ ਦੇ ਪਿਤਾ ਜਗਤਾਰ ਸਿੰਘ ਤੇ ਉਸਦੇ ਹੋਰ ਪਰਿਵਾਰਕ ਮੈਂਬਰਾਂ ਨੇ ਲੁਧਿਆਣਾ ਪੁਲਸ ਕਮਿਸ਼ਨਰ ਨੂੰ ਦਰਖ਼ਾਸਤ ਦੇ ਕੇ ਗੁਹਾਰ ਲਗਾਈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦੀ ਬਾਰੀਕੀ ਨਾਲ ਜਾਂਚ ਕਰਕੇ ਜੋ ਵੀ ਦੋਸ਼ੀ ਹਨ ਉਨ੍ਹਾਂ ਨੂੰ ਸਖ਼ਤ ਸਜ਼ਾ ਦੇ ਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।

ਕੀ ਕਹਿਣਾ ਹੈ ਥਾਣਾ ਕੂੰਮਕਲਾਂ ਮੁਖੀ ਦਾ

ਜਦੋਂ ਇਸ ਸਬੰਧੀ ਥਾਣਾ ਕੂੰਮਕਲਾਂ ਮੁਖੀ ਜਗਦੀਪ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਿਰਮਲ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਮਨਪ੍ਰੀਤ ਸਿੰਘ ਦੀ ਮੌਤ ਸਬੰਧੀ ਸੜਕ ਹਾਦਸੇ ਦਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਪਰਿਵਾਰ ਨੂੰ ਉਨ੍ਹਾਂ ਦੇ ਪੁੱਤਰ ਦੀ ਮੌਤ ਸਬੰਧੀ ਕੋਈ ਸ਼ੰਕਾ ਹੈ ਤਾਂ ਪੁਲਸ ਬਾਰੀਕੀ ਨਾਲ ਜਾਂਚ ਕਰੇਗੀ ਅਤੇ ਜੋ ਵੀ ਸੱਚਾਈ ਹੈ ਉਹ ਸਾਹਮਣੇ ਲਿਆਂਦੀ ਜਾਵੇਗੀ।


author

Gurminder Singh

Content Editor

Related News