ਫਿਰੋਜ਼ਪੁਰ-ਫਾਜ਼ਿਲਕਾ ਜੀ. ਟੀ. ਰੋਡ ''ਤੇ ਵੱਡਾ ਹਾਦਸਾ, ਦੋ ਲੋਕਾਂ ਦੀ ਮੌਕੇ ''ਤੇ ਮੌਤ
Thursday, Mar 06, 2025 - 06:09 PM (IST)

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ‘ਤੇ ਪਿੰਡ ਗੋਲੂ ਕਾ ਮੋੜ 'ਤੇ ਅੱਜ ਸ਼ਾਮ ਨੂੰ ਵੱਡਾ ਹਾਦਸਾ ਵਾਪਰ ਗਿਆ। ਸੜਕ ਦੇ ਕਿਨਾਰੇ ਖੜ੍ਹੇ ਵਹੀਕਲ ਵਿਚ ਟਰਾਲਾ ਆ ਕੇ ਵੱਜਿਆ ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੋਲੂ ਕਾ ਮੋੜ ਵਿਖੇ ਖੜੇ ਵਹੀਕਲ ਦੇ ਪਿੱਛੇ ਲੱਤਾਂ ਬਾਹਰ ਕੱਢ ਕੇ ਬੈਠੇ ਲੋਕ ਕਿਸੇ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੇ ਇਕੱਠੇ ਕਿਤੇ ਪ੍ਰੋਗਰਾਮ 'ਤੇ ਜਾਣਾ ਸੀ। ਇਸ ਦੌਰਾਨ ਫਿਰੋਜ਼ਪੁਰ ਵਾਲੀ ਸਾਈਡ ਤੋਂ ਟਰਾਲਾ ਜਲਾਲਾਬਾਦ ਸਾਈਡ ਨੂੰ ਜਾ ਰਿਹਾ ਸੀ ਅਤੇ ਨਾਲ ਹੀ ਇਕ ਕਾਰ ਜੋ ਕਿ ਫਿਰੋਜ਼ਪੁਰ ਸਾਈਡ ਤੋਂ ਜਲਾਲਾਬਾਦ ਵੱਲ ਨੂੰ ਹੀ ਜਾ ਰਹੀ ਸੀ ਜਦੋਂ ਦੋਵੇਂ ਵਹੀਕਲ ਗੋਲੂ ਕਾ ਮੋੜ ਪਹੁੰਚੇ ਤਾਂ ਟਰੱਕ ਡਰਾਈਵਰ ਨੇ ਦੇਖਿਆ ਅਤੇ ਉਸ ਨੂੰ ਲੱਗਿਆ ਕਿ ਕਾਰ ਕਿਤੇ ਡਿਵਾਈਡਰ ਨਾਲ ਨਾ ਟਕਰਾ ਜਾਵੇ ਇਸ ਲਈ ਉਸ ਨੇ ਟਰੱਕ ਸਾਈਡ 'ਤੇ ਕਰਕੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸੇ ਸਾਈਡ 'ਤੇ ਸੜਕ ਕਿਨਾਰੇ ਖੜੇ ਵਹੀਕਲ ਜਿਸ ਵਿਚ ਦੋ ਵਿਅਕਤੀ ਲੱਤਾਂ ਲਮਕਾ ਕੇ ਉਸਦੇ ਪਿੱਛੇ ਬੈਠੇ ਹੋਏ ਸਨ ਅਤੇ ਕਿਸੇ ਦਾ ਇੰਤਜ਼ਾਰ ਕਰ ਰਹੇ ਸਨ ਨਾਲ ਟਰਾਲਾ ਜਾ ਵੱਜਿਆ ਤੇ ਉਹ ਦੋਵੇਂ ਵਿਅਕਤੀ ਥੱਲੇ ਡਿੱਗ ਪਏ ਤੇ ਟਰਾਲੇ ਥੱਲੇ ਆ ਗਏ।
ਇਸ ਦੌਰਾਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੋਰਾਨ ਟਰਾਲਾ ਜਿਸ ਕਾਰ ਨੂੰ ਬਚਾ ਰਿਹਾ ਸੀ ਤਾਂ ਉਸ ਦੀ ਟੱਕਰ ਇਕ ਹੋਰ ਕਾਰ ਨਾਲ ਹੋ ਗਈ। ਗ਼ਨੀਮਤ ਰਹੀ ਕਿ ਦੋਵੇਂ ਕਾਰ ਸਵਾਰ ਇਸ ਹਾਦਸੇ ਵਿਚ ਬੱਚ ਗਏ ਤੇ ਇਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਦਾ ਪਤਾ ਚੱਲਦੇ ਹੀ ਥਾਣਾ ਗੁਰੂਹਰਸਹਾਏ ਦੀ ਪੁਲਸ ਅਤੇ ਐੱਸ. ਐੱਸ. ਐੱਫ ਦੀ ਟੀਮ ਮੌਕੇ 'ਤੇ ਪਹੁੰਚ ਗਈ ਇਸ ਦੌਰਾਨ 108 ਐਂਬੂਲੈਂਸ ਵੀ ਪਹੁੰਚ ਗਈ, ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਗੋਲੂ ਕਾ ਮੋੜ 'ਤੇ ਸਥਿਤ ਦੁਕਾਨਦਾਰਾਂ ਨੇ ਕਈ ਫੁੱਟ ਅੱਗੇ ਆਪਣਾ ਬਾਹਰ ਸਮਾਨ ਰੱਖਿਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਆਪਣੇ ਵਹੀਕਲ ਖੜ੍ਹੇ ਕਰਨ ਵਿਚ ਪ੍ਰੇਸ਼ਾਨੀ ਆਉਂਦੀ ਹੈ। ਹੁਣ ਲੋਕਾਂ ਵੱਲੋਂ ਇਹ ਪੁਰਜ਼ੋਰ ਮੰਗ ਉੱਠੀ ਹੈ ਕਿ ਦੁਕਾਨਦਾਰ ਆਪਣਾ ਸਮਾਨ ਆਪਣੀ ਦੁਕਾਨ ਅੰਦਰ ਰੱਖਣ ਤਾਂ ਜੋ ਆਉਣ ਵਾਲੇ ਸਮੇਂ ਵਿਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਅਤੇ ਲੋਕਾਂ ਦੀ ਜਾਨ ਬਚ ਸਕੇ।