ਭਿਆਨਕ ਹਾਦਸੇ ’ਚ ਪਤੀ ਦੀ ਮੌਤ, ਬੁਰੀ ਤਰ੍ਹਾਂ ਜ਼ਖਮੀ ਹੋਈ ਪਤਨੀ

Tuesday, Feb 15, 2022 - 05:46 PM (IST)

ਭਿਆਨਕ ਹਾਦਸੇ  ’ਚ ਪਤੀ ਦੀ ਮੌਤ, ਬੁਰੀ ਤਰ੍ਹਾਂ ਜ਼ਖਮੀ ਹੋਈ ਪਤਨੀ

ਮੋਗਾ (ਆਜ਼ਾਦ) : ਕੋਟਕਪੂਰਾ ਰੋਡ ਮੋਗਾ ’ਤੇ ਬਿਜਲੀ ਘਰ ਦੇ ਕੋਲ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਗੋਪਾਲ ਦਾਸ (46) ਨਿਵਾਸੀ ਗ੍ਰੀਨ ਫੀਲਡ ਕਲੋਨੀ, ਕੋਟਕਪੂਰਾ ਰੋਡ ਮੋਗਾ ਦੀ ਮੌਤ ਗਈ, ਜਦਕਿ ਉਸ ਦੀ ਪਤਨੀ ਪਰਮਜੀਤ ਕੌਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਜ਼ਖਮੀ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਜਾਣਕਾਰੀ ਮਿਲਣ ’ਤੇ ਥਾਣਾ ਚੜਿੱਕ ਦੇ ਸਹਾਇਕ ਥਾਣੇਦਾਰ ਬਲਧੀਰ ਸਿੰਘ ਪੁਲਸ ਪਾਰਟੀ ਸਹਿਤ ਮੌਕੇ ’ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾ ਤੋਂ ਪੁੱਛਗਿੱਛ ਕੀਤੀ।

ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪਰਮਜੀਤ ਕੌਰ ਨੇ ਕਿਹਾ ਕਿ ਉਹ ਆਪਣੇ ਪਤੀ ਗੋਪਾਲ ਦਾਸ ਨਾਲ ਮੁੱਦਕੀ ਤੋਂ ਮੋਟਰਸਾਈਕਲ ’ਤੇ ਮੋਗਾ ਆਪਣੇ ਘਰ ਆ ਰਹੀ ਸੀ, ਜਦੋਂ ਕੋਟਕਪੂਰਾ ਰੋਡ ’ਤੇ ਤਾਰੇਵਾਲਾ ਮੋੜ ਦੇ ਕੋਲ ਪੁੱਜੇ ਤਾਂ ਸਕਾਰਪੀਓ ਗੱਡੀ ਦੇ ਡਰਾਈਵਰ ਗੁਰਜੀਤ ਸਿੰਘ ਨਿਵਾਸੀ ਪਿੰਡ ਬਾਜੜਾ (ਜਲੰਧਰ) ਨੇ ਲਾਪ੍ਰਵਾਹੀ ਨਾਲ ਗੱਡੀ ਚਲਾਉਂਦਿਆਂ ਸਾਡੇ ਮੋਟਰਸਾਈਕਲ ’ਚ ਟੱਕਰ ਮਾਰੀ। ਇਸ ਹਾਦਸੇ ਵਿਚ ਮੈਂ ਅਤੇ ਮੇਰਾ ਪਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਸਾਨੂੰ ਦੋਵਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ, ਜਿੱਥੇ ਮੇਰੇ ਪਤੀ ਨੇ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਸਕਾਰਪੀਓ ਗੱਡੀ ਦੇ ਡਰਾਈਵਰ ਨੂੰ ਆਪਣੀ ਹਿਰਾਸਤ ’ਚ ਲੈ ਲਿਆ ਅਤੇ ਗੱਡੀ ਅਤੇ ਮੋਟਰਸਾਈਕਲ ਵੀ ਕਬਜ਼ੇ ’ਚ ਲੈ ਲਏ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਵਿਚ ਪੋਸਟ-ਮਾਰਟਮ ਕਰਾਉਣ ਦੇ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ।

 


author

Gurminder Singh

Content Editor

Related News