ਗਰੀਬ ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਦਵਾਈ ਲੈਣ ਗਿਆ ਚਾਰ ਬੱਚਿਆਂ ਦਾ ਪਿਤਾ ਮੁੜ ਨਾ ਪਰਤਿਆ

Wednesday, Apr 05, 2023 - 01:54 PM (IST)

ਗਰੀਬ ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਦਵਾਈ ਲੈਣ ਗਿਆ ਚਾਰ ਬੱਚਿਆਂ ਦਾ ਪਿਤਾ ਮੁੜ ਨਾ ਪਰਤਿਆ

ਮਾਛੀਵਾੜਾ ਸਾਹਿਬ (ਟੱਕਰ) : ਨੇੜਲੇ ਪਿੰਡ ਸੈਸੋਂਵਾਲ ਖੁਰਦ ਵਿਖੇ ਅੱਧੀ ਰਾਤ ਗਰੀਬ ਮਜ਼ਦੂਰ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਪ੍ਰਣਾਮ ਸਿੰਘ (39) ਸਿਹਤ ਖ਼ਰਾਬ ਹੋਣ ’ਤੇ ਘਰੋਂ ਦਵਾਈ ਲੈਣ ਨਿਕਲਿਆ ਤਾਂ ਉਸ ਨੂੰ ਰੇਤਾ ਨਾਲ ਭਰੀ ਟ੍ਰੈਕਟਰ-ਟਰਾਲੀ ਨੇ ਬੁਰੀ ਤਰ੍ਹਾਂ ਦਰੜ ਦਿੱਤਾ ਜਿਸ ਕਾਰਨ ਉਸਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਪ੍ਰਣਾਮ ਸਿੰਘ ਦੀ ਪਤਨੀ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਪਤੀ ਕੁਹਾੜਾ ਰੋਡ ’ਤੇ ਸਥਿਤ ਇਕ ਧਾਗਾ ਫੈਕਟਰੀ ਵਿਚ ਮਜ਼ਦੂਰੀ ਕਰਦਾ ਸੀ। ਅੱਜ ਅੱਧੀ ਰਾਤ ਕਰੀਬ 1 ਵਜੇ ਉਸਦੇ ਪਤੀ ਦੀ ਤਬੀਅਤ ਖ਼ਰਾਬ ਹੋ ਗਈ ਜਿਸ ਕਾਰਨ ਉਹ ਆਪਣੇ ਘਰੋਂ ਨੇੜੇ ਹੀ ਰਹਿੰਦੇ ਇਕ ਡਾਕਟਰ ਕੋਲ ਦਵਾਈ ਲੈਣ ਲਈ ਨਿਕਲ ਪਿਆ। 

ਪਤਨੀ ਨੇ ਦੱਸਿਆ ਕਿ ਅਜੇ ਉਹ ਪਿੰਡ ਦੀ ਸੜਕ ’ਤੇ ਹੀ ਗਿਆ ਸੀ ਕਿ ਇਕ ਤੇਜ਼ ਰਫ਼ਤਾਰ ਰੇਤਾ ਨਾਲ ਭਰੀ ਟ੍ਰੈਕਟਰ-ਟਰਾਲੀ ਨੇ ਉਸਦੇ ਪਤੀ ਨੂੰ ਦਰੜ ਦਿੱਤਾ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਟ੍ਰੈਕਟਰ-ਟਰਾਲੀ ਚਾਲਕ ਆਪਣਾ ਵਾਹਨ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਪ੍ਰਣਾਮ ਸਿੰਘ ਦੀ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ ਅਤੇ ਉਸਦੀ ਪਤਨੀ ਦੇ ਬਿਆਨਾਂ ਦੇ ਅਧਾਰ ’ਤੇ ਟ੍ਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਮ੍ਰਿਤਕ ਪ੍ਰਣਾਮ ਸਿੰਘ ਆਪਣੇ ਪਿੱਛੇ 3 ਛੋਟੀਆਂ-ਛੋਟੀਆਂ ਧੀਆਂ ਅਤੇ 1 ਲੜਕਾ ਛੱਡ ਗਿਆ ਹੈ। ਪ੍ਰਣਾਮ ਸਿੰਘ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ ਕਿਉਂਕਿ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ।

 


author

Gurminder Singh

Content Editor

Related News