ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਜਨਾਨੀ ਨੂੰ ਬੁਰੀ ਤਰ੍ਹਾਂ ਦਰੜਿਆ, ਮੌਤ
Saturday, Sep 04, 2021 - 02:26 PM (IST)
 
            
            ਬਟਾਲਾ (ਜ.ਬ, ਯੋਗੀ, ਅਸ਼ਵਨੀ) : ਬਟਾਲਾ-ਗੁਰਦਾਸਪੁਰ ਰੋਡ ’ਤੇ ਸ਼ੂਗਰ ਮਿਲ ਦੇ ਨੇੜੇ ਇਕ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਨਾਲ ਇਕ ਜਨਾਨੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਦਿਆਲਗੜ੍ਹ ਦੇ ਏ.ਐੱਸ.ਆਈ ਰਮੇਸ਼ ਕੁਮਾਰ ਅਤੇ ਹੇਮ ਸਿੰਘ ਨੇ ਦੱਸਿਆ ਕਿ ਸਲਵਿੰਦਰ ਕੌਰ ਪਤਨੀ ਦਲਜੀਤ ਸਿੰਘ ਵਾਸੀ ਹਰਸ਼ੀਆ ਜੋ ਬੈਂਕ ਤੋਂ ਪੈਨਸ਼ਨ ਲੈਣ ਆਈ ਸੀ ਅਤੇ ਵਾਪਸ ਆਪਣੇ ਘਰ ਜਾ ਰਹੀ ਸੀ, ਜਦੋਂ ਉਹ ਸ਼ੂਗਰ ਮਿਲ ਦੇ ਨਜ਼ਦੀਕ ਸੜਕ ਪਾਰ ਕਰਨ ਲੱਗੀ ਤਾਂ ਇਕ ਇੱਟਾਂ ਨਾਲ ਭਰੀ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਇਸ ਨੂੰ ਆਪਣੀ ਲਪੇਟ ਵਿਚ ਲੈ ਕੇ ਬੁਰੀ ਤਰ੍ਹਾਂ ਦਰੜ ਦਿੱਤਾ। ਇਸ ਨਾਲ ਇਸ ਦੀ ਮੌਤ ਹੋ ਗਈ, ਜਦਕਿ ਡਰਾਇਵਰ ਫਰਾਰ ਹੋ ਗਿਆ।
ਏ.ਐਸ.ਆਈ. ਨੇ ਦੱਸਿਆ ਇਸੇ ਦੌਰਾਨ ਇਕ ਕਾਰ ਜਿਸ ਨੂੰ ਪਵਨ ਕੁਮਾਰ ਵਾਸੀ ਗੁਰਦਾਸਪੁਰ ਚਲਾ ਰਿਹਾ ਸੀ, ਵੀ ਬੇਕਾਬੂ ਹੁੰਦੀ ਹੋਈ ਟਰੈਕਟਰ ਟਰਾਲੀ ’ਚ ਜਾ ਟਕਰਾਈ, ਜਿਸ ਨਾਲ ਕਾਰ ਚਾਲਕ ਵੀ ਜ਼ਖਮੀਂ ਹੋ ਗਿਆ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ’ਤੇ ਟਰੈਕਟਰ-ਟਰਾਲੀ ਨੂੰ ਕਬਜ਼ੇ ’ਚ ਲੈ ਕੇ ਡਰਾਇਵਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            