ਘਰੋਂ ਕੰਮ ''ਤੇ ਗਏ ਦੋ ਬੱਚਿਆਂ ਦੇ ਪਿਓ ਨੂੰ ਰਾਹ ''ਚ ਮਿਲੀ ਮੌਤ, ਉੱਜੜ ਗਿਆ ਪਰਿਵਾਰ
Friday, Mar 07, 2025 - 11:54 AM (IST)

ਸਮਰਾਲਾ (ਵਰਮਾ, ਸਚਦੇਵਾ, ਗਰਗ, ਬੰਗੜ) : ਸ਼ੁੱਕਰਵਾਰ ਸਵੇਰੇ ਕਰੀਬ 9 ਵਜੇ ਸਮਰਾਲਾ ਦੇ ਨਜ਼ਦੀਕ ਪਿੰਡ ਢਿੱਲਵਾਂ ਵਿਖੇ ਤੇਜ਼ ਰਫਤਾਰ ਸਕਾਰਪੀਓ ਗੱਡੀ ਨੇ ਐਕਟਿਵਾ ਸਵਾਰ ਚਾਲਕ ਨੂੰ ਦਰੜ ਦਿੱਤਾ। ਸਕਾਰਪੀਓ ਕਈ ਮੀਟਰ ਤੱਕ ਐਕਟਿਵਾ ਸਮੇਤ ਚਾਲਕ ਨੂੰ ਘੜੀਸਦੀ ਹੋਈ ਲੈ ਗਈ। ਇਸ ਹਾਦਸੇ ਵਿਚ ਐਕਟਿਵਾ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਪਿਲ ਮਰਵਾਹਾ ਉਮਰ 48 ਸਾਲ ਨਿਵਾਸੀ ਸਮਰਾਲਾ ਵਜੋਂ ਹੋਈ ਹੈ। ਇਸ ਹਾਦਸੇ ਦੀ ਸੂਚਨਾ ਸਮਰਾਲਾ ਪੁਲਸ ਨੂੰ ਮਿਲੀ ਅਤੇ ਸਮਰਾਲਾ ਪੁਲਸ ਮੌਕੇ 'ਤੇ ਪਹੁੰਚ ਕੇ ਜਾਂਚ ਵਿਚ ਜੁੱਟ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਸਮਰਾਲਾ ਨਿਵਾਸੀ ਕਪਿਲ ਮਰਵਾਹਾ ਰੋਜ਼ਾਨਾ ਦੀ ਤਰ੍ਹਾਂ ਖੰਨੇ ਐਕਟਿਵਾ 'ਤੇ ਸਵਾਰ ਹੋ ਕੇ ਆਪਣੇ ਕੰਮ 'ਤੇ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਢਿੱਲਵਾਂ ਦੇ ਨਜ਼ਦੀਕ ਪੈਟਰੋਲ ਪੰਪ 'ਤੇ ਐਕਟਿਵਾ ਵਿਚ ਤੇਲ ਪਵਾਉਣ ਲਈ ਮੁੜਿਆ ਤਾਂ ਖੰਨਾ ਵਾਲੇ ਪਾਸਿਓਂ ਆ ਰਹੀ ਤੇਜ਼ ਰਫਤਾਰ ਸਕਾਰਪੀਓ ਨੇ ਐਕਟਿਵਾ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ ਅਤੇ ਕਈ ਮੀਟਰ ਐਕਟੀਵਾ ਸਮੇਤ ਚਾਲਕ ਨੂੰ ਘੜੀਸਦਾ ਹੋਇਆ ਲੈ ਗਿਆ, ਜਿਸ ਵਿਚ ਐਕਟਿਵਾ ਸਵਾਰ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ। ਮ੍ਰਿਤਕ ਕਪਿਲ ਮਰਵਾਹਾ ਦੀ ਮੌਤ ਦੀ ਖ਼ਬਰ ਸੁਣ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ 2 ਬੱਚਿਆਂ ਦਾ ਪਿਤਾ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।