ਅਬੋਹਰ ਦੇ ਹੋਮਿਓਪੈਥਿਕ ਕਾਲਜ ਨੂੰ ਲੱਗੇ ਤਾਲੇ, 150 ਵਿਦਿਆਰਥੀਆਂ ਦਾ ਭਵਿੱਖ ਖਤਰੇ ''ਚ

Sunday, Jul 08, 2018 - 02:17 PM (IST)

ਅਬੋਹਰ(ਬਿਊਰੋ)— ਭਾਈ ਘੱਨ੍ਹਈਆ ਚੈਰੀਟੇਬਲ ਟਰੱਸਟ ਵਲੋਂ ਚਲਾਇਆ ਜਾ ਰਹੇ ਕਾਲਜ ਨੂੰ ਪੰਜਾਬ ਐਂਡ ਸਿੰਧ ਬੈਂਕ ਨੇ ਤਾਲੇ ਲਗਾ ਦਿੱਤੇ ਹਨ ਤੇ ਵਿਦਿਆਰਥੀਆਂ ਨੂੰ ਸਾਮਾਨ ਚੁਕਾ ਕੇ ਘਰਾਂ ਨੂੰ ਤੋਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਅਬੋਹਰ ਦਾ ਹੋਮਿਓਪੈਥਿਕ ਕਾਲਜ ਹੈ। 10 ਸਾਲ ਪਹਿਲਾਂ ਕਾਲਜ ਦੀ ਮੈਨੇਜਮੈਂਟ ਨੇ ਬੈਂਕ ਤੋਂ ਸਾਢੇ 5 ਕਰੋੜ ਦਾ ਲੋਨ ਲਿਆ ਸੀ ਪਰ ਸਮੇਂ ਸਿਰ ਕਿਸ਼ਤਾਂ ਅਦਾ ਨਾ ਕਰਨ ਕਾਰਨ ਇਹ ਕਰਜ਼ਾ ਵੱਧ ਕੇ 7 ਕਰੋੜ ਰੁਪਏ ਹੋ ਗਿਆ। ਬੈਂਕ ਨੇ ਮੈਨੇਜਮੈਂਟ ਨੂੰ ਵਾਰ-ਵਾਰ ਨੋਟਿਸ ਭੇਜਣ ਤੋਂ ਬਾਅਦ ਆਖਿਰਕਾਰ ਕਾਲਜ ਦੀ ਇਮਾਰਤ ਸਮੇਤ 146 ਕਨਾਲ ਜ਼ਮੀਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਇਮਤਿਹਾਨ ਨਜ਼ਦੀਕ ਆਉਣ ਕਾਰਨ ਕਾਲਜ ਵਿਚ ਪੜ੍ਹਦੇ 150 ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾ ਰਹੀ ਹੈ ਤੇ ਉਹ ਮੈਨੇਜਮੈਂਟ ਖਿਲਾਫ ਰੋਸ ਜ਼ਾਹਰ ਕਰ ਰਹੇ ਹਨ।
ਉਧਰ ਮੈਡੀਕਲ ਕਾਲਜ ਵਲੋਂ ਚਲਾਏ ਜਾ ਰਹੇ ਹਸਪਤਾਲ ਦੇ ਮੈਡੀਕਲ ਅਫਸਰ ਨੇ ਇਸ ਘਟਨਾ ਨੂੰ ਕਾਲਜ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਦੱਸਿਆ ਤੇ ਮੈਨੇਜਮੈਂਟ ਕਮੇਟੀ 'ਤੇ ਸਵਾਲ ਖੜ੍ਹੇ ਕੀਤੇ। ਬੈਂਕ ਅਫਸਰਾਂ ਨਾਲ ਪਹੁੰਚੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਕਾਲਜ ਬੰਦ ਹੋਣ ਨਾਲ ਵਿਦਿਆਰਥੀਆਂ ਵਿਚ ਕਾਫੀ ਰੋਸ ਹੈ। ਇਸ ਲਈ ਉਨ੍ਹਾਂ ਵੱਲੋਂ ਲਾਅ ਐਂਡ ਆਡਰ ਦਾ ਧਿਆਨ ਰੱਖਿਆ ਜਾ ਰਿਹਾ ਹੈ। ਬੈਂਕ ਤੇ ਕਾਲਜ ਦੇ ਆਪਸੀ ਮਸਲੇ ਕਾਰਨ ਵੱਖ-ਵੱਖ ਸੂਬਿਆਂ ਤੋਂ ਆ ਕੇ ਕਾਲਜ 'ਚ ਪੜ੍ਹ ਰਹੇ 150 ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿਚ ਪੈ ਚੁੱਕਾ ਹੈ ਜੋ ਕਿ ਇਕ ਗੰਭੀਰ ਮੁੱਦਾ ਹੈ।


Related News