3 ਧੀਆਂ ਦੇ ਪਿਤਾ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

12/06/2018 1:44:58 PM

ਅਬੋਹਰ (ਸੁਨੀਲ, ਰਹੇਜਾ) – ਅਬੋਹਰ-ਮਲੋਟ ਕੌਮਾਂਤਰੀ ਰੋਡ ਨੰ. 10 'ਤੇ ਸਥਿਤ ਗੁਰੂ ਕ੍ਰਿਪਾ ਕਾਲੋਨੀ ਵਾਸੀ 3 ਧੀਆਂ ਦੇ ਪਿਤਾ ਨੇ ਆਰਥਿਕ ਤੰਗੀ ਕਾਰਨ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ 'ਤੇ ਪਹੁੰਚੀ ਨਗਰ ਥਾਣਾ ਨੰ- 1 ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ।

ਜਾਣਕਾਰੀ ਮੁਤਾਬਕ 35 ਸਾਲਾ ਮ੍ਰਿਤਕ ਟੀਲੂ ਪੁੱਤਰ ਨੱਥੂਰਾਮ ਦੇ ਭਰਾ ਕਾਲੀਚਰਨ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ ਅਤੇ ਤਿੰਨੇ ਇਕ ਹੀ ਮਕਾਨ 'ਚ ਰਹਿੰਦੇ ਹਨ। ਉਸ ਦੇ ਭਰਾ ਦੇ ਘਰ 11 ਸਾਲ, 6 ਸਾਲ ਤੇ 3 ਸਾਲ ਦੀਆਂ ਤਿੰਨ ਧੀਆਂ ਹਨ, ਜੋ ਸੀਡਫਾਰਮ ਦੇ ਇਕ ਨਿੱਜੀ ਸਕੂਲ 'ਚ ਪੜ੍ਹਦੀਆਂ ਹਨ। ਟੀਲੂ ਫਾਜ਼ਿਲਕਾ ਰੋਡ 'ਤੇ ਸਥਿਤ ਇਕ ਨਿੱਜੀ ਸਕੂਲ ਦੀ ਵੈਨ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਪਰ ਦਿਨੋ-ਦਿਨ ਵੱਡੀਆਂ ਹੋ ਰਹੀਆਂ ਧੀਆਂ ਅਤੇ ਉਨ੍ਹਾਂ ਦੇ ਖਰਚ ਨੂੰ ਦੇਖਦੇ ਹੋਏ ਆਰਥਿਕ ਤੰਗੀ ਕਾਰਨ ਅਕਸਰ ਉਨ੍ਹਾਂ ਦੇ ਘਰ 'ਚ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਰਾਤ ਕਰੀਬ 11 ਵਜੇ ਜਦ ਉਸ ਦੇ ਕਮਰੇ ਦਾ ਦਰਵਾਜ਼ਾ ਖਟਖਟਾਇਆ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਉਨ੍ਹਾਂ ਸੋਚਿਆ ਕਿ ਸ਼ਾਇਦ ਉਹ ਸੌਂ ਗਿਆ ਹੋਵੇਗਾ। ਬੁੱਧਵਾਰ ਸਵੇਰੇ ਕਰੀਬ 7 ਵਜੇ ਜਦ ਸਕੂਲ ਵੈਨ ਲੈ ਕੇ ਜਾਣ ਦਾ ਸਮਾਂ ਹੋਇਆ ਤਾਂ ਉਸ ਦੇ ਕਮਰੇ ਦਾ ਦਰਵਾਜ਼ਾ ਮੁੜ ਖਟਖਟਾਇਆ ਪਰ ਉਸ ਨੇ ਨਹੀਂ ਖੋਲ੍ਹਿਆ। ਕਮਰੇ ਦਾ ਦਰਵਾਜ਼ਾ ਤੋੜਨ 'ਤੇ ਉਨ੍ਹਾਂ ਦੇਖਿਆ ਕਿ ਟੀਲੂ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। 

ਮ੍ਰਿਤਕ ਦੀ ਪਤਨੀ 'ਤੇ ਆਈ ਧੀਆਂ ਦੀ ਜ਼ਿੰਮੇਦਾਰੀ 
ਇਸ ਘਟਨਾ ਤੋਂ ਬਾਅਦ ਉਸ ਦੀਆਂ ਤਿੰਨੇ ਧੀਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਤਾਂ ਉਠ ਹੀ ਗਿਆ ਸੀ ਅਤੇ ਉਨ੍ਹਾਂ ਦੀ ਸਿੱਖਿਆ ਤੇ ਘਰ ਦੇ ਗੁਜ਼ਾਰੇ ਦਾ ਪੂਰਾ ਬੋਝ ਉਸ ਦੀ ਪਤਨੀ 'ਤੇ ਵੀ ਆ ਗਿਆ। ਮਾਸੂਮ ਧੀਆਂ ਦੇ ਪਾਲਣ-ਪੋਸ਼ਣ ਤੇ ਉਨ੍ਹਾਂ ਦੀ ਸਿੱਖਿਆ ਸਬੰਧੀ ਜਿਥੇ ਉਨ੍ਹਾਂ ਦੇ ਘਰ ਝਗੜਾ ਰਹਿੰਦਾ ਸੀ ਅਤੇ ਹੁਣ ਸਿਰ ਤੋਂ ਪਿਤਾ ਦਾ ਸਾਇਆ ਉੱਠਣ ਨਾਲ ਉਨ੍ਹਾਂ ਦੀ ਸਿੱਖਿਆ ਵੀ ਪ੍ਰਭਾਵਿਤ ਹੋ ਸਕਦੀ ਹੈ। ਮ੍ਰਿਤਕ ਦੇ ਪਰਿਵਾਰ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਉਨ੍ਹਾਂ ਨੂੰ ਆਰਥਿਕ ਮਦਦ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਕਿ ਮ੍ਰਿਤਕ ਦੀਆਂ ਧੀਆਂ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਸਿੱਖਿਆ ਜਾਰੀ ਰੱਖ ਸਕਣ।


rajwinder kaur

Content Editor

Related News