ਗੁੰਡਾ ਟੈਕਸ : ''ਆਪ'' ਨੇ ਡੀ. ਸੀ. ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
Friday, Feb 09, 2018 - 03:07 PM (IST)

ਬਠਿੰਡਾ (ਪਰਮਿੰਦਰ) — ਬਠਿੰਡਾ ਰਿਫਾਇਨਰੀ 'ਚ ਸਾਮਾਨ ਦੀ ਢੁਆਈ 'ਤੇ ਵਸੂਲੇ ਜਾ ਰਹੇ ਗੁੰਡਾ ਟੈਕਸ ਨੂੰ ਲੈ ਕੇ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਪ੍ਰੋ. ਬਲਜਿੰਦਰ ਕੌਰ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਦੇ ਨਾਂ ਇਕ ਮੰਗ ਪੱਤਰ ਭੇਜਿਆ ਗਿਆ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਹ ਮੁੱਦਾ ਵਿਧਾਨ ਸਭਾ 'ਚ ਉਠਾਇਆ ਗਿਆ ਸੀ ਪਰ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਗੁੰਡਾ ਟੈਕਸ ਦੀ ਵਸੂਲੀ ਦੇ ਕਾਰਨ ਰਿਫਾਇਨਰੀ 'ਚ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਕੰਮ ਕਰਨ ਤੋਂ ਕਿਨਾਰਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ 'ਚ ਕੋਈ ਕੰਪਨੀ ਨਿਵੇਸ਼ ਕਰਨ 'ਚ ਦਿਲਚਸਪੀ ਨਹੀਂ ਦਿਖਾਏਗੀ। ਜ਼ਿਲਾ ਪ੍ਰਧਾਨ ਨਵਦੀਪ ਜੀਦਾ ਨੇ ਕਿਹਾ ਕਿ ਹਲਕੇ ਦੇ ਕਾਂਗਰਸੀ ਆਗੂਆਂ ਦੀ ਸ਼ਹਿ 'ਤੇ ਇਹ ਕੰਮ ਧੱੜਲੇ ਨਾਲ ਕੀਤਾ ਜਾ ਰਿਹਾ ਹੈ ਤੇ ਕੋਈ ਇਸ ਨੂੰ ਰੋਕ ਨਹੀਂ ਰਿਹਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਗੁੰਡਾ ਟੈਕਸ ਬੰਦ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਸੰਘਰਸ਼ ਦਾ ਬਿਗੁਲ ਬਜਾਵੇਗੀ।