ਬਰਨਾਲਾ ''ਚ ਫੂਡ ਸੇਫਟੀ ਵਿਭਾਗ ਦੀ RAID! ਦੇਸੀ ਘਿਓ ਦੇ ਭਰੇ ਸੈਂਪਲ

Monday, Oct 12, 2026 - 05:01 PM (IST)

ਬਰਨਾਲਾ ''ਚ ਫੂਡ ਸੇਫਟੀ ਵਿਭਾਗ ਦੀ RAID! ਦੇਸੀ ਘਿਓ ਦੇ ਭਰੇ ਸੈਂਪਲ

ਬਰਨਾਲਾ (ਪੁਨੀਤ): ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਫੂਡ ਵਿਭਾਗ ਵੱਲੋਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਸਵੇਰੇ ਫੂਡ ਵਿਭਾਗ ਦੀ ਟੀਮ ਨੇ ਪੁਲਸ ਪਾਰਟੀ ਅਤੇ ਵਾਰਡ ਕੌਂਸਲਰ ਨੂੰ ਨਾਲ ਲੈ ਕੇ ਲਖੀ ਕਲੋਨੀ ਦੇ ਪਿੱਛੇ ਸਥਿਤ ਤਾਰਾ ਕਲੋਨੀ ਦੀ ਗਲੀ ਨੰਬਰ-1 ਵਿਚ ਇਕ ਸ਼ੱਕੀ ਜਗ੍ਹਾ 'ਤੇ ਛਾਪੇਮਾਰੀ ਕੀਤੀ।

ਜਾਣਕਾਰੀ ਦਿੰਦਿਆਂ ਫੂਡ ਸੇਫਟੀ ਅਫ਼ਸਰ ਬਰਨਾਲਾ ਚਰਨਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਜਗ੍ਹਾ 'ਤੇ ਨਕਲੀ ਦੇਸੀ ਘਿਓ ਤਿਆਰ ਕੀਤਾ ਜਾਂਦਾ ਹੈ। ਜਦੋਂ ਟੀਮ ਮੌਕੇ 'ਤੇ ਪਹੁੰਚੀ ਤਾਂ ਉੱਥੇ ਵੱਡੇ-ਵੱਡੇ ਤਾਲੇ ਲੱਗੇ ਹੋਏ ਸਨ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਸਬੰਧਿਤ ਵਿਅਕਤੀ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਗਏ। ਉਨ੍ਹਾਂ ਤੋਂ ਚਾਬੀ ਮੰਗੀ ਗਈ, ਪਰ ਉਨ੍ਹਾਂ ਨੇ ਚਾਬੀ ਨਾ ਹੋਣ ਦੀ ਗੱਲ ਕਹੀ ਅਤੇ ਤਾਲੇ ਤੋੜਨ ਲਈ ਕਿਹਾ। ਇਸ ਤੋਂ ਬਾਅਦ ਸਹਾਇਕ ਥਾਣੇਦਾਰ ਮਨਜੀਤ ਸਿੰਘ, ਵਾਰਡ ਨੰਬਰ-28 ਦੇ ਕੌਂਸਲਰ ਧਰਮ ਸਿੰਘ ਫ਼ੌਜੀ ਅਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਤਾਲੇ ਤੋੜ ਕੇ ਅੰਦਰ ਦਾਖਲ ਹੋਇਆ ਗਿਆ।

ਜਾਂਚ ਦੌਰਾਨ ਅੰਦਰ ਇਕ ਟੱਬ ਵਿਚੋਂ ਕਰੀਬ 3 ਤੋਂ 4 ਕਿੱਲੋ ਤਾਜ਼ਾ ਤਿਆਰ ਦੇਸੀ ਘਿਓ ਮਿਲਿਆ। ਮੌਕੇ 'ਤੇ ਹੀ ਘਿਓ ਦੇ ਸੈਂਪਲ ਲਏ ਗਏ। ਇਸ ਤੋਂ ਇਲਾਵਾ ਉੱਥੋਂ ਪਰਮਾਨੰਦ ਘਿਓ ਬ੍ਰਾਂਡ ਦੇ ਖਾਲੀ ਗੱਤੇ ਦੇ ਡੱਬੇ ਵੀ ਬਰਾਮਦ ਹੋਏ। ਇਨ੍ਹਾਂ ਡੱਬਿਆਂ 'ਤੇ ਬਣਾਉਣ ਦੀ ਮਿਤੀ ਜੂਨ 2026 ਦਰਜ ਸੀ, ਜਦਕਿ ਇਨ੍ਹਾਂ 'ਤੇ ਲੁਧਿਆਣਾ ਦਾ ਪਤਾ ਲਿਖਿਆ ਹੋਇਆ ਸੀ। ਚਰਨਜੀਤ ਸਿੰਘ ਨੇ ਦੱਸਿਆ ਕਿ ਸਬੰਧਿਤ ਜਗ੍ਹਾ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਘਿਓ ਦੇ ਸੈਂਪਲ ਜਾਂਚ ਲਈ ਖਰੜ ਸਥਿਤ ਲੈਬ ਵਿਚ ਭੇਜੇ ਜਾ ਰਹੇ ਹਨ। ਲੈਬ ਰਿਪੋਰਟ ਆਉਣ ਤੋਂ ਬਾਅਦ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਬਰਾਮਦ ਹੋਏ ਖਾਲੀ ਡੱਬਿਆਂ ਦੇ ਸਬੰਧ ਵਿਚ ਵੀ ਜਾਂਚ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਘਿਓ ਦੇ ਮਾਲਕ ਵਜੋਂ ਸੁਰੇਸ਼ ਕੁਮਾਰ ਦਾ ਨਾਂ ਸਾਹਮਣੇ ਆਇਆ ਹੈ, ਜਿਸ ਵਿਰੁੱਧ ਪਹਿਲਾਂ ਵੀ ਕਾਰਵਾਈ ਹੋ ਚੁੱਕੀ ਹੈ। ਅਧਿਕਾਰੀ ਅਨੁਸਾਰ, ਇਸ ਤੋਂ ਪਹਿਲਾਂ ਤਪਾ ਦੇ ਨੇੜੇ ਵੀ ਉਸ ਕੋਲੋਂ ਵੱਖ-ਵੱਖ ਬ੍ਰਾਂਡਾਂ ਦਾ ਦੇਸੀ ਘਿਓ ਬਰਾਮਦ ਕੀਤਾ ਗਿਆ ਸੀ। ਇਸ ਦੌਰਾਨ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਫੂਡ ਵਿਭਾਗ ਵੱਲੋਂ ਛਾਪੇਮਾਰੀ ਲਈ ਪੁਲਿਸ ਸੁਰੱਖਿਆ ਮੰਗੀ ਗਈ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਅਤੇ ਕੌਂਸਲਰ ਦੀ ਮੌਜੂਦਗੀ ਵਿਚ ਕਾਰਵਾਈ ਕੀਤੀ ਗਈ।

ਉੱਥੇ ਹੀ, ਵਾਰਡ ਨੰਬਰ-28 ਦੇ ਕੌਂਸਲਰ ਧਰਮ ਸਿੰਘ ਫ਼ੌਜੀ ਨੇ ਦੱਸਿਆ ਕਿ ਫੂਡ ਵਿਭਾਗ ਅਤੇ ਪੁਲਸ ਦੀ ਸਾਂਝੀ ਕਾਰਵਾਈ ਦੌਰਾਨ ਕਰੀਬ 3 ਤੋਂ 4 ਕਿੱਲੋ ਦੇਸੀ ਘਿਓ ਅਤੇ ਪੈਕਿੰਗ ਸਮੱਗਰੀ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਪੂਰੀ ਕਾਰਵਾਈ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਕੀਤੀ ਗਈ। ਪਹਿਲਾਂ ਚਾਬੀ ਮੰਗੀ ਗਈ ਸੀ, ਪਰ ਚਾਬੀ ਉਪਲਬਧ ਨਾ ਹੋਣ 'ਤੇ ਉਨ੍ਹਾਂ ਦੀ ਮੌਜੂਦਗੀ ਵਿਚ ਤਾਲੇ ਤੋੜੇ ਗਏ।
 


author

Anmol Tagra

Content Editor

Related News