ਗਊਸ਼ਾਲਾ ਰੋਡ ’ਤੇ ਬਿਲਡਿੰਗ ਮਟੀਰੀਅਲ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ
Monday, Oct 12, 2026 - 12:53 PM (IST)
ਤਪਾ ਮੰਡੀ (ਸ਼ਾਮ ਗਰਗ)- ਸਥਾਨਕ ਗਊਸ਼ਾਲਾ ਰੋਡ ’ਤੇ ਸਥਿਤ ਬਿਲਡਿੰਗ ਮਟੀਰੀਅਲ ਦੀ ਦੁਕਾਨ ਵਿਚ ਬੀਤੀ ਰਾਤ ਕਰੀਬ 2 ਵਜੇ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸੈਨੇਟਰੀ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਦੂਰੋਂ ਦਿਖਾਈ ਦੇ ਰਹੀਆਂ ਸਨ ਅਤੇ ਇਲਾਕੇ ਵਿਚ ਧੂੰਏਂ ਦਾ ਗੁਬਾਰ ਫੈਲ ਗਿਆ। ਗਨੀਮਤ ਰਹੀ ਕਿ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿੱਤਲ ਇਲੈਕਟ੍ਰਿਕ ਐਂਡ ਬਿਲਡਿੰਗ ਮਟੀਰੀਅਲ ਦੇ ਮਾਲਕ ਸੰਦੀਪ ਕੁਮਾਰ ਮਿੰਟਾ ਪੁੱਤਰ ਗੋਰਾ ਲਾਲ ਵਾਸੀ ਤਪਾ ਨੇ ਦੱਸਿਆ ਕਿ ਰਾਤ ਕਰੀਬ ਦੋ ਵਜੇ ਕਿਸੇ ਗੱਡੀ ਚਾਲਕ ਦਾ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਅੰਦਰੋਂ ਧੂੰਆਂ ਨਿਕਲ ਰਿਹਾ ਹੈ। ਸੂਚਨਾ ਮਿਲਦਿਆਂ ਹੀ ਉਹ ਤੁਰੰਤ ਦੁਕਾਨ ’ਤੇ ਪਹੁੰਚੇ ਤਾਂ ਦੇਖਿਆ ਕਿ ਅੰਦਰ ਪਏ ਸੈਨੇਟਰੀ ਦੇ ਸਮਾਨ ਨੂੰ ਭਿਆਨਕ ਅੱਗ ਲੱਗੀ ਹੋਈ ਸੀ। ਅੱਗ ਕਾਰਨ ਦੁਕਾਨ ਵਿਚ ਪਈਆਂ ਟੂਟੀਆਂ, ਵਾਸ਼ਬੇਸਿਨ, ਕਮੋਡ, ਬਾਥਰੂਮ ਦਾ ਸਮਾਨ, ਪਾਈਪਾਂ ਅਤੇ ਹੋਰ ਸਮੱਗਰੀ ਬੁਰੀ ਤਰ੍ਹਾਂ ਸੜ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ, ਸਮਾਜ ਸੇਵੀ ਚੰਨਾ ਸੇਖੋ, ਟਿੰਕੂ ਮਿੱਤਲ ਅਤੇ ਆਸ-ਪਾਸ ਦੇ ਲੋਕ ਮੌਕੇ ’ਤੇ ਪਹੁੰਚ ਗਏ।
ਇਸ ਦੌਰਾਨ ਫਾਇਰ ਬ੍ਰਿਗੇਡ ਅਤੇ ਤਪਾ ਸਿਟੀ ਪੁਲਸ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀ ਸੁਖਦੀਪ ਸਿੰਘ, ਰਾਜਦੀਪ ਸਿੰਘ, ਡਰਾਈਵਰ ਗੁਰਜੰਟ ਸਿੰਘ ਅਤੇ ਨਗਰ ਕੌਂਸਲ ਦੇ ਤਾਰੀ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣ ਦੇ ਯਤਨ ਕੀਤੇ। ਤਪਾ ਸਿਟੀ ਪੁਲਸ ਵੱਲੋਂ ਸਹਾਇਕ ਥਾਣੇਦਾਰ ਦਵਿੰਦਰ ਸਿੰਘ ਅਤੇ ਹੌਲਦਾਰ ਗੁਰਜੀਤ ਸਿੰਘ ਵੀ ਘਟਨਾ ਸਥਾਨ ’ਤੇ ਪਹੁੰਚੇ। ਦੁਕਾਨ ਮਾਲਕ ਅਨੁਸਾਰ ਅੱਗ ਲੱਗਣ ਦਾ ਸੰਭਾਵਿਤ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਇਸ ਘਟਨਾ ਵਿਚ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਸਵੇਰੇ ਜਦੋਂ ਮੰਡੀ ਵਾਸੀਆਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਦੁਕਾਨ ਮਾਲਕ ਨਾਲ ਹਮਦਰਦੀ ਪ੍ਰਗਟਾਈ।
