‘ਆਪ’ ਸਰਕਾਰ ਨੇ ਸੂਬੇ ਦੀ ਜਨਤਾ ਦੇ ਦਿੱਤੇ ਲੋਕ ਫਤਵੇ ਨਾਲ ਕੀਤਾ ਧੋਖਾ : ਤਰੁਣ ਚੁੱਘ

Saturday, Sep 17, 2022 - 11:54 AM (IST)

‘ਆਪ’ ਸਰਕਾਰ ਨੇ ਸੂਬੇ ਦੀ ਜਨਤਾ ਦੇ ਦਿੱਤੇ ਲੋਕ ਫਤਵੇ ਨਾਲ ਕੀਤਾ ਧੋਖਾ : ਤਰੁਣ ਚੁੱਘ

ਅੰਮ੍ਰਿਤਸਰ (ਕਮਲ) - ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਛੇ ਮਹੀਨਿਆਂ ਦੇ ਕਾਰਜਕਾਲ ਦੌਰਾਨ ਜਨਤਾ ਦੇ ਫਤਵੇ ਨਾਲ ਖੁੱਲ੍ਹੇਆਮ ਧੋਖਾ ਕੀਤਾ ਹੈ। ਸੂਬਾ ਸਰਕਾਰ ਨਾ ਸਿਰਫ਼ ਹਰ ਮੋਰਚੇ ’ਤੇ ਫੇਲ ਹੋਈ ਹੈ, ਸਗੋਂ ਉਸਦਾ ਸਰਹੱਦੀ ਸੂਬੇ ਵਿਚ ਸ਼ਾਸਨ ਦੇਸ਼ ਲਈ ਖ਼ਤਰਾ ਬਣ ਗਿਆ ਹੈ। ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਵਿਚੋਂ ਇਕ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਿਸ ਕਾਰਨ ਸੂਬੇ ਦੇ ਲੋਕ ਖੁਦ ਨੂੰ ਠੱਗਿਆ ਅਤੇ ਨਿਰਾਸ਼ ਮਹਿਸੂਸ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਮਾਈਨਿੰਗ ਅਤੇ ਸ਼ਰਾਬ ਦੋਵੇਂ ਨੀਤੀਆਂ ਨੇ ਭਗਵੰਤ ਮਾਨ ਸਰਕਾਰ ਦੀ ਪੋਲ ਖੋਲ੍ਹ ਦਿੱਤੀ ਹੈ। ਸੂਬਾ ਸਰਕਾਰ ਭ੍ਰਿਸ਼ਟਾਚਾਰ ਵਿਚ ਡੁੱਬੀ ਹੋਈ ਹੈ। ਇਸਦਾ ਖ਼ੁਲਾਸਾ ਉਪਰੋਕਤ ਦੋਵਾਂ ਨੀਤੀਆਂ ਨੇ ਕਰ ਦਿੱਤਾ ਹੈ। ਜਿੱਥੋਂ ਤੱਕ ਸ਼ਰਾਬ ਅਤੇ ਮਾਈਨਿੰਗ ਮਾਫ਼ੀਆ ਨੂੰ ਖ਼ਤਮ ਕਰਨ ਦਾ ਸਵਾਲ ਹੈ, ‘ਆਪ’ ਸਰਕਾਰ ਨੇ ਅਸਲ ਵਿਚ ਮਾਫ਼ੀਆ ਨੂੰ ਜ਼ਿਆਦਾ ਤਾਕਤ ਦਿੱਤੀ ਹੈ, ਜਿਸ ਨੂੰ ਹਾਈਕੋਰਟ ਵਲੋਂ ਦਿੱਤੇ ਗਏ ਫ਼ੈਸਲਿਆਂ ਵਿਚ ਉਜਾਗਰ ਕੀਤਾ ਗਿਆ ਹੈ। ਖ਼ਾਸ ਤੌਰ ’ਤੇ ਭਾਰਤ-ਪਾਕਿ ਸਰਹੱਦ ’ਤੇ ਮਾਈਨਿੰਗ ਦੀਆਂ ਘਟਨਾਵਾਂ ਨੇ ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸੂਬੇ ਦੀ ਆਰਥਿਕਤਾ ਬਦ ਤੋਂ ਬਦਤਰ ਹੋ ਗਈ ਹੈ, ਕਿਉਂਕਿ ਕਰਮਚਾਰੀਆਂ ਨੂੰ ਸਮੇਂ ’ਤੇ ਤਨਖ਼ਾਹਾਂ ਨਹੀਂ ਮਿਲ ਰਹੀਆਂ ਹਨ ਅਤੇ ਫੰਡਾਂ ਦੀ ਘਾਟ ਕਾਰਨ ਕਈ ਭਲਾਈ ਸਕੀਮਾਂ ਅਟਕ ਗਈਆਂ ਹਨ। ਡਰੱਗ ਮਾਫ਼ੀਆ ਪਹਿਲਾਂ ਵਾਂਗ ਕੰਮ ਕਰ ਰਿਹਾ ਹੈ ਅਤੇ ਪੰਜਾਬ ਦੇ ਕਦੇ ਵੀ ਨਸ਼ਾ ਮੁਕਤ ਸੂਬਾ ਬਣਨ ਦੇ ਕੋਈ ਸੰਕੇਤ ਨਹੀਂ ਹੈ। ਚੁੱਘ ਨੇ ਕਿਹਾ ਕਿ ਇਕ ਘੋਰ ਅਨੈਤਿਕ ਕੰਮ ਕਰਦੇ ਹੋਏ ‘ਆਪ’ ਸਰਕਾਰ ਹੁਣ ਆਪ੍ਰੇਸ਼ਨ ਲੋਟਸ ਦੇ ਬਹਾਨੇ ਸਰਕਾਰ ਦੀ ਨਾਕਾਮੀ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਸਾਜ਼ਿਸ਼ ਰਚ ਰਹੀ ਹੈ। ‘ਆਪ’ ਵਿਧਾਇਕਾਂ ਦੇ ਕਥਿਤ ਦੋਸ਼ਾਂ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕਰਦਿਆਂ ਚੁੱਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸੱਤਾ ਵਿਚ ਆਉਣ ਦੇ ਛੇ ਮਹੀਨਿਆਂ ਦੇ ਅੰਦਰ ਹੀ ਸਸਤੀ ਅਤੇ ਗੁੰਮਰਾਹਕੁੰਨ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਹੈ।       


author

rajwinder kaur

Content Editor

Related News