ਨਸ਼ਾ, ਗੈਂਗਸਟਰਵਾਦ ਤੇ ਬੇਰੁਜ਼ਗਾਰੀ ਨਾਲ ਜੂਝਦੇ ਪੰਜਾਬ ''ਚ ਇਨਵੈਸਟਰ ਮੀਟ ਸਿਰਫ਼ ‘ਫਿਲਮੀ ਡਰਾਮਾ’: ਤਰੁਣ ਚੁੱਘ
Tuesday, Mar 17, 2026 - 07:19 PM (IST)
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਚਾਰ ਸਾਲਾਂ ਵਿੱਚ ਕਥਿਤ “ਪੰਜਾਬ ਮਾਡਲ” ਦੀ ਸੱਚਾਈ ਪੂਰੀ ਤਰ੍ਹਾਂ ਸਾਹਮਣੇ ਆ ਗਈ ਹੈ ਤੇ ਹੁਣ ਸਰਕਾਰ ਆਪਣੇ ਕਾਰਜਕਾਲ ਦੇ ਆਖਰੀ ਪੜਾਅ ਵਿੱਚ ਵਿਕਾਸ ਅਤੇ ਨਿਵੇਸ਼ ਦਾ ਝੂਠਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਿਲਮ ਸਿਟੀ ਬਣਾਉਣ ਦਾ ਐਲਾਨ ਭਾਵੇਂ ਉਨ੍ਹਾਂ ਦੀ ਸੋਚ ਨੂੰ ਦਰਸਾਉਂਦਾ ਹੋਵੇ, ਪਰ ਪੰਜਾਬ ਨੂੰ ਇੱਕ ਗੰਭੀਰ ਅਤੇ ਨਤੀਜਾ-ਕੇਂਦਰਿਤ ਮਾਡਲ ਦੀ ਲੋੜ ਹੈ। ਇਸ ਦੇ ਉਲਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ਼ ਝੂਠੇ ਵਾਅਦਿਆਂ, ਗਲਤ ਦਾਅਵਿਆਂ ਤੇ ਮਹਿੰਗੇ ਪ੍ਰਚਾਰ ਦਾ ਮਾਡਲ ਦਿੱਤਾ ਹੈ।
ਚੁੱਘ ਨੇ ਕਿਹਾ ਕਿ ਜਦੋਂ ਰੋਜ਼ਾਨਾ ਕਤਲ ਹੋ ਰਹੇ ਹਨ ਤੇ ਅਮਨ-ਕਾਨੂੰਨ ਦੀ ਹਾਲਤ ਬਹੁਤ ਖਰਾਬ ਹੈ, ਉਸ ਵੇਲੇ ਇਨਵੈਸਟਰ ਮੀਟ ਕਰਨਾ ਸਿਰਫ਼ ਇੱਕ ਦਿਖਾਵਾ ਹੈ। ਚੁੱਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਵਾਅਦਿਆਂ ਨਾਲ ਸੱਤਾ ਵਿੱਚ ਆਈ ਸੀ ਪਰ ਹਰ ਮੋਰਚੇ ‘ਤੇ ਨਾਕਾਮ ਰਹੀ ਹੈ। 25 ਲੱਖ ਨੌਕਰੀਆਂ, ਚਾਰ ਮਹੀਨਿਆਂ ਵਿੱਚ ਨਸ਼ਾ ਖਤਮ ਕਰਨ ਅਤੇ ਹਰ ਫਸਲ ‘ਤੇ MSP ਦੇ ਵਾਅਦੇ ਸਿਰਫ਼ ਖੋਖਲੇ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਬੇਰੁਜ਼ਗਾਰੀ ਅਤੇ ਨਿਰਾਸ਼ਾ ਦਿੱਤੀ ਗਈ ਹੈ ਅਤੇ ਸਰਕਾਰ ਦੇ ਐਲਾਨ ਸਿਰਫ਼ ਇਸ਼ਤਿਹਾਰਾਂ ਤੱਕ ਸੀਮਿਤ ਰਹੇ ਹਨ।
ਚੁੱਘ ਨੇ ਕਿਹਾ ਕਿ 16 ਮੈਡੀਕਲ ਕਾਲਜ, 16,000 ਮੁਹੱਲਾ ਕਲੀਨਿਕ ਅਤੇ 2,500 ਰੁਪਏ ਪੈਨਸ਼ਨ ਦੇ ਵਾਅਦੇ ਵੀ ਅਜੇ ਤੱਕ ਪੂਰੇ ਨਹੀਂ ਹੋਏ। ਉਨ੍ਹਾਂ ਦੋਸ਼ ਲਾਇਆ ਕਿ ਨਸ਼ਾ, ਗੈਂਗਸਟਰਵਾਦ ਤੇ ਉਗਰਾਹੀ ਦੇ ਮਾਮਲੇ ਵੱਧ ਰਹੇ ਹਨ ਤੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਹਿੱਤਾਂ ਲਈ ਨਹੀਂ ਸਗੋਂ ਅਰਵਿੰਦ ਕੇਜਰੀਵਾਲ ਦੀਆਂ ਰਾਜਨੀਤਿਕ ਇਛਾਵਾਂ ਦੀ ਪੂਰਤੀ ਲਈ ਕੰਮ ਕਰ ਰਹੀ ਹੈ ਤੇ ਰਾਜ ਦੇ ਸਰੋਤ ਪ੍ਰਚਾਰ ਅਤੇ ਛਵੀ ਨਿਰਮਾਣ ‘ਤੇ ਖਰਚੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
